ਨੈਸ਼ਨਲ ਟਾਈਮਜ਼ ਬਿਊਰੋ :- ਦੀਨਾਨਗਰ ਵਿਖੇ ਰਾਤ ਟਰਾਂਸਫਾਰਮ ਵਿੱਚੋਂ ਸ਼ਾਰਟ ਸਰਕਟ ਹੋਣ ਕਾਰਨ ਨਿਕਲੀਆਂ ਚੰਗਿਆੜੀਆਂ ਦੌਰਾਨ ਪੁਲਸ ਥਾਣੇ ਦੇ ਬਾਹਰ ਖੜ੍ਹੇ ਹਾਦਸਾਗ੍ਰਸਤ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਸਾਰੇ ਵਾਹਨ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਪੁਲਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਸ ਵੱਲੋਂ ਜ਼ਬਤ ਕੀਤੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਨੰਗਲ ਰੋਡ ‘ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਨਾਲ ਰੱਖਿਆ ਹੋਇਆ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਹਨ। ਰਾਤ ਕਰੀਬ 8.45 ਵਜੇ ਟਰਾਂਸਫਾਰਮਰ ਤੋਂ ਨਿਕਲੀਆਂ ਚੰਗਿਆੜੀਆਂ ਹੇਠਾਂ ਡਿੱਗਣ ਨਾਲ ਜ਼ਮੀਨ ‘ਤੇ ਉੱਗੇ ਘਾਹ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੇ ਨੇੜੇ ਹੀ ਪਈਆਂ ਕਾਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।
ਪੁਲਸ ਦੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦੇ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦੀਨਾਨਗਰ ਭੇਜੀ ਗਈ। ਫਾਇਰਮੈਨ ਪ੍ਰਦੀਪ ਬਾਲੀ, ਵਿਜੇ ਕੁਮਾਰ, ਰੋਹਿਤ ਸ਼ਰਮਾ ਆਦਿ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਅੱਗ ਦੀ ਲਪੇਟ ‘ਚ ਆਉਣ ਨਾਲ ਚਾਰ ਕਾਰਾਂ ਪੂਰੀ ਤਰ੍ਹਾਂ ਨਾਲ ਸੜ ਗਈਆਂ। ਐੱਸਐੱਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਤੋਂ ਸ਼ਾਰਟ ਸਰਕਟ ਹੋਣ ਕਾਰਨ ਗੱਡੀਆਂ ਨੂੰ ਅੱਗ ਲੱਗੀ ਹੈ।
ਥਾਣੇ ਦੇ ਬਾਹਰ ਹਾਦਸਾਗ੍ਰਸਤ ਵਾਹਨਾਂ ਨੂੰ ਲੱਗੀ ਅੱਗ
