ਕੀ ਹੈ ਜੀ-7 ਅਤੇ ਕੈਨੇਡਾ ਦਾ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਕਿਉਂ ਚਰਚਾ ਵਿਚ ਹੈ?

ਨੈਸ਼ਨਲ ਟਾਈਮਜ਼ ਬਿਊਰੋ :- ਜੀ-7 ਸੰਮੇਲਨ ਵਿਚ ਕੈਨੇਡਾ ਵੱਲੋਂ ਭਾਰਤ ਨੂੰ ਦਿੱਤਾ ਸੱਦਾ ਸਰਗਰਮ ਮੁੱਦਾ ਬਣਿਆ ਹੋਇਆ ਹੈ। ਆਓ ਇਸ ਜੀ-7 ਦੇਸ਼ਾਂ ਦੇ ਸਮੂਹ ਅਤੇ ਤਾਜ਼ਾ ਚਰਚਾ ਦੇ ਝਾਤ ਮਾਰੀਏ !

ਕੀ ਹੈ ਜੀ-7 ?

ਜੀ-7 , ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂਕੇ ਅਤੇ ਯੂ ਐਸ ਸ਼ਾਮਿਲ ਹਨ I ਜੀ-7 ਨੂੰ ਸੱਤਾਂ ਦਾ ਸਮੂਹ ਵੀ ਕਿਹਾ ਜਾਂਦਾ ਹੈ।

ਜੀ-7 ਦੀ ਸ਼ੁਰੂਆਤ 1975 ਵਿੱਚ ਤੇਲ ਉਤਪਾਦਕ ਦੇਸ਼ਾਂ ਦੁਆਰਾ ਤੇਲ ਨਿਰਯਾਤ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਇਸਦੀ ਸ਼ੁਰੂਆਤ ਹੋਈ ਸੀ I ਕੈਨੇਡਾ ਜੀ-7 ਵਿੱਚ 1976 ਵਿਚ ਸ਼ਾਮਲ ਹੋਇਆ ਸੀ I

1997 ਵਿਚ ਰੂਸ ਵੀ ਇਸ ਸਮੂਹ ਵਿੱਚ ਸ਼ਾਮਲ ਹੋਇਆ ਸੀ ਅਤੇ ਇਸ ਨੂੰ ਜੀ-8 ਕਿਹਾ ਜਾਂਦਾ ਸੀ, ਪਰ 2014 ਵਿਚ ਕ੍ਰੀਮੀਆ ‘ਤੇ ਕਬਜ਼ੇ ਤੋਂ ਬਾਅਦ ਰੂਸ ਨੂੰ ਸਮੂਹ ਚੋਂ ਕੱਢ ਦਿੱਤਾ ਗਿਆ ਸੀ।

ਇਹ ਸਮੂਹ ਮੂਲ ਰੂਪ ਵਿੱਚ ਆਰਥਿਕ ਮਾਮਲਿਆਂ ‘ਤੇ ਕੇਂਦਰਿਤ ਸੀ। ਪਰ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਦੇ ਉਭਾਰ ਨੇ ਜੀ-7 ਨੂੰ ਕਾਨੂੰਨ ਦੇ ਸ਼ਾਸਨ, ਮਨੁੱਖੀ ਅਧਿਕਾਰਾਂ ਅਤੇ ਮੁਕਤ ਬਾਜ਼ਾਰਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਹੈ।

ਪਿਛਲੇ ਪੰਜ ਦਹਾਕਿਆਂ ਤੋਂ ਇਸ ਸਮੂਹ ਦੀਆਂ ਸਰਕਾਰਾਂ ਇਸ ਗੱਲ ‘ਤੇ ਤਾਲਮੇਲ ਕਰਦੇ ਰਹੇ ਹਨ ਕਿ ਉਦਾਰਵਾਦੀ ਲੋਕਤੰਤਰ ਦੀਆਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਨਾਲ ਕਿਵੇਂ ਰਿਸਪਾਂਡ ਕੀਤਾ ਜਾਵੇ।

ਦੱਸਣਯੋਗ ਹੈ ਕਿ ਭਾਰਤ ਜੀ-7 ਦਾ ਹਿੱਸਾ ਨਹੀਂ ਹੈ I

ਸੱਤਵੀਂ ਵਾਰ ਮੇਜ਼ਬਾਨੀ ਕਰ ਰਿਹਾ ਹੈ ਕੈਨੇਡਾ

ਕੈਨੇਡਾ ਜੀ-7 ਸੰਮੇਲਨ ਦੀ ਸੱਤਵੀਂ ਵਾਰ ਮੇਜ਼ਬਾਨੀ ਕਰ ਰਿਹਾ ਹੈ I ਇਸ ਵਾਰ ਦਾ ਸੰਮਲੇਨ 15 ਜੂਨ ਤੋਂ 17 ਜੂਨ ਤੱਕ ਐਲਬਰਟਾ ਦੇ ਕੈਨਾਨੈਸਕਿਸ ਵਿੱਚ ਹੋ ਰਿਹਾ ਹੈ I

ਇਸਤੋਂ ਪਹਿਲਾਂ ਕੈਨੇਡਾ ਵਿੱਚ 2018 ਦੌਰਾਨ ਕਿਊਬੈਕ , 2010 ਦੌਰਾਨ ਓਨਟੇਰੀਓ , 2002 ਦੌਰਾਨ ਐਲਬਰਟਾ , 1995 ਦੌਰਾਨ ਨੌਵਾ ਸਕੋਸ਼ੀਆ , 1988 ਦੌਰਾਨ ਓਨਟੇਰੀਓ ਅਤੇ 1981 ਦੌਰਾਨ ਓਨਟੇਰੀਓ- ਕਿਊਬੈਕ ਵਿੱਚ ਸੰਮਲੇਨ ਹੋ ਚੁੱਕੇ ਹਨ I

ਜੀ-7 ਦਾ ਸੰਮੇਲਨ ਹਰ ਸਾਲ ਹੁੰਦਾ ਹੈ I ਲੰਘੇ ਸਾਲ ਦੇ ਸੰਮਲੇਨ ਦੀ ਪ੍ਰਧਾਨਗੀ ਇਟਲੀ ਨੇ ਕੀਤੀ ਸੀ I

ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਏਜੰਡੇ ਵਿੱਚ ਸ਼ਾਮਿਲ

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਨ ਦਾ ਮਸਲਾ ਇਸ ਸੰਮਲੇਨ ਦੇ ਏਜੰਡੇ ਵਿੱਚ ਸ਼ਾਮਿਲ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਇਸਤੋਂ ਇਲਾਵਾ ਊਰਜਾ ਸੁਰੱਖਿਆ ਅਤੇ ਵੱਖ ਵੱਖ ਦੇਸ਼ਾਂ ਵਿੱਚ ਭਵਿੱਖ ਦੀਆਂ ਸਾਂਝਾਂ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ ਵਿਟਾਂਦਰੇ ਵੀ ਇਸ ਸੰਮਲੇਨ ਵਿੱਚ ਹੋਣੇ ਹਨ I

ਕੈਨੇਡਾ ਦੇ ਫ਼ੈਡਰਲ ਟਰੇਡ ਮਨਿਸਟਰ , ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਜੀ-7 , ਉਨ੍ਹਾਂ ਚੁਣੌਤੀਆਂ ਦਾ ਹੱਲ ਕਰਨ ਲਈ ਇੱਕ ਮਹੱਤਵਪੂਰਨ ਮੰਚ ਹੈ ਜੋ ਨਾ ਸਿਰਫ਼ ਇਸਦੇ ਮੈਂਬਰਾਂ ਦੀਆਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਸਗੋਂ ਵਿਸ਼ਵ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।

ਸਿੱਧੂ , ਕੈਨੇਡਾ ਨੂੰ G7 ਵਿੱਚ ਸਭ ਤੋਂ ਮਜ਼ਬੂਤ ​​ਅਰਥਵਿਵਸਥਾ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਹੋਰ ਵਪਾਰਕ ਮੌਕੇ ਲੱਭਣ ‘ਤੇ ਜ਼ੋਰ ਦਿੰਦੇ ਹਨ I

ਵੱਖ ਵੱਖ ਮਾਹਰ ਇਸ ਸੰਮਲੇਨ ਵਿੱਚ ਯੂਐਸ ਵੱਲੋਂ ਲਗਾਏ ਗਏ ਟੈਰਿਫ਼ ਦੇ ਨਾਲ ਨਾਲ ਯੂਐਸ ਤੋਂ ਇਲਾਵਾ ਹੋਰਨਾਂ ਵਪਾਰਕ ਮੰਡੀਆਂ ਬਾਰੇ ਚਰਚਾ ਹੋਣ ਦੀ ਗੱਲ ਆਖ ਰਹੇ ਹਨ I

ਕੁਝ ਐਮਪੀਜ਼ ਅਤੇ ਸਿੱਖ ਭਾਈਚਾਰੇ ਦਾ ਮੋਦੀ ਨੂੰ ਸੱਦਣ ‘ਤੇ ਇਤਰਾਜ਼

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ ਵਿੱਚ ਸੱਦਾ ਦੇਣ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ I

ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਜਤਾਏ ਜਾਣ ਦੇ ਦਰਮਿਆਨ ਕੁਝ ਐਮਪੀਜ਼ ਨੇ ਵੀ ਇਸ ਮਸਲੇ ਨੂੰ ਚੱਕਿਆ ਹੈ I

ਸਰੀ ਨਿਊਟਨ ਤੋਂ ਪੰਜਾਬੀ ਮੂਲ ਦੇ ਐਮਪੀ ਸੁਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਇਤਰਾਜ਼ ਜਤਾਇਆ ਹੈ I

ਭਾਰਤ ਨਾਲ ਵਪਾਰਕ ਸਾਂਝ ਦੀ ਲੋੜ : ਮਾਹਰ

ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਭਾਰਤ ਨਾਲ ਵਪਾਰਕ ਸਾਂਝ ਬਣਾਉਣ ਅਤੇ ਅੱਗੇ ਵਧਾਉਣ ਵੱਲੋਂ ਜ਼ੋਰ ਦੇਣਾ ਚਾਹੀਦਾ ਹੈ I

ਨੌਵਾ ਸਕੋਸ਼ੀਆ ਦੀ ਡਲਹੌਜ਼ੀ ਯੂਨੀਵਰਸਿਟੀ ਵਿਚ ਭਾਰਤ-ਕੈਨੇਡਾ ਸਬੰਧ ਵਿਸ਼ੇ ਦੇ ਮਾਹਰ ਰਾਬਰਟ ਹੁਇਸ਼ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਨੇ ਕਿਹਾ ਕਿ ਭਾਰਤ ਦੇ ਹੋਰ ਜੀ-7 ਦੇਸ਼ਾਂ ਨਾਲ ਚੰਗੇ ਸੰਬੰਧ ਹਨ ਅਤੇ ਕੈਨੇਡਾ ਨੂੰ ਵੀ ਰਿਸ਼ਤੇ ਸੁਧਾਰਨੇ ਚਾਹੀਦੇ ਹਨ I

ਰਾਬਰਟ ਹੁਇਸ਼ ਨੇ ਕਿਹਾ ਕੈਨੇਡਾ ਵਸਦੇ ਪੰਜਾਬੀ ਸਿੱਖ ਭਾਈਚਾਰੇ ਅਤੇ ਕੁਝ ਐਮਪੀਜ਼ ਵਿੱਚ ਮੋਦੀ ਨੂੰ ਸੱਦੇ ਜਾਣ ‘ਤੇ ਨਿਰਾਸ਼ਾ ਹੈ ਅਤੇ ਉਹ ਸਮਝਦੇ ਹਨ ਕਿ ਨਾ ਬੁਲਾ ਕੇ ਜਾਂ ਸੱਦਾ ਰੱਦ ਕਰਕੇ ਕੈਨੇਡਾ ਵੱਲੋਂ ਸੰਕੇਤਕ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ I

ਹੁਇਸ਼ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ , ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਉਕਤ ਮਾਮਲਿਆਂ ਦੇ ਆਹਮੋ ਸਾਹਮਣੀ ਗੱਲਬਾਤ ਕਰ ਸਕਦੇ ਹਨ , ਜਿਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਰ ਸਕਦੇ ਹਨ I

ਲਿਬਰਲ ਐਮਪੀ ਸੁਖ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਰਿਸ਼ਤੇ ਸੁਧਾਰਨ ਦੇ ਵਿਰੁੱਧ ਨਹੀਂ ਹਨ ਪਰ ਵਿਦੇਸ਼ੀ ਦਖਲਅੰਦਾਜ਼ੀ ਅਤੇ ਕੈਨੇਡੀਅਨ ਧਰਤੀ ਉੱਪਰ ਜ਼ੁਰਮ ਦੇ ਮਸਲੇ ਦਾ ਕੋਈ ਹੱਲ ਹੋਣਾ ਚਾਹੀਦਾ ਹੈ I

ਧਾਲੀਵਾਲ ਦੀ ਮੰਗ ਹੈ ਕਿ ਮੋਦੀ ਨੂੰ ਸੱਦੇ ਜਾਣ ਤੋਂ ਪਹਿਲਾਂ ਭਾਰਤ ਤੋਂ ਇਸ ਮਾਮਲੇ ਵਿੱਚ ਕੋਈ ਵਚਨ ਲੈਣਾ ਚਾਹੀਦਾ ਸੀ I

ਕਾਰਨੀ ਆਪਣੇ ਇਸ ਫ਼ੈਸਲੇ ਦਾ ਬਚਾਅ ਕਰਦੇ ਹੋਏ ਆਖ ਰਹੇ ਹਨ ਕਿ ਊਰਜਾ ਸੁਰੱਖਿਆ ਅਤੇ ਅਤਿ-ਮਹੱਤਵਪੂਰਨ ਖਣਿਜ ਪਦਾਰਥਾਂ ਵਰਗੇ ਮੁੱਦਿਆਂ ‘ਤੇ ਚਰਚਾ ਵਿੱਚ ਭਾਰਤ ਵਰਗੇ ਵੱਡੇ ਅਤੇ ਵਿਸ਼ਵ ਆਰਥਿਕ ਸਪਲਾਈ ਚੇਨ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦੇਸ਼ ਦੀ ਮੌਜੂਦਗੀ ਮਹੱਤਵਪੂਰਣ ਹੈ।

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਹਾਊਸ ਆਫ਼ ਕਾਮਨਜ਼ ਵਿੱਚ ਬੋਲਦਿਆਂ ਕਿਹਾ ਕਿ ਜੀ 7 ਵੱਖ ਵੱਖ ਦੇਸ਼ਾਂ ਲਈ ਗੱਲਬਾਤ ਕਰਨ ਦਾ ਇਕ ਵਧੀਆ ਮੰਚ ਹੈ I

By Rajeev Sharma

Leave a Reply

Your email address will not be published. Required fields are marked *