ਡੇਰਾਬੱਸੀ, 23 ਜਨਵਰੀ (ਗੁਰਪ੍ਰੀਤ ਸਿੰਘ):ਭਾਰਤੀ ਕਿਸਾਨ ਉਗਰਾਹਾ ਜੱਥੇਬੰਦੀ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਨੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ’ਤੇ ਲੋਕਾਂ ਨਾਲ ਬਦਸਲੂਕੀ ਕਰਨ ਅਤੇ ਜਾਇਜ਼ ਕੰਮ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆਮ ਲੋਕ ਤਹਿਸੀਲ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ, ਪਰ ਨਾਇਬ ਤਹਿਸੀਲਦਾਰ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤਹਿਸੀਲਦਾਰ ਲੋਕਾਂ ਦੀ ਸੇਵਾ ਲਈ ਬੈਠੇ ਹਨ ਪਰ ਉਹ ਤਹਿਸੀਲਾਂ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨਾਲ ਬਦਸਲੂਕੀ ਕਰਦੇ ਹਨ।
ਕਿਸਾਨ ਆਗੂ ਲਖਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦਾ ਕੰਮ ਕਰਵਾਉਣ ਆਉਣ ’ਤੇ ਨਾਇਬ ਤਹਿਸੀਲਦਾਰ ਪੰਜ ਮਿੰਟ ਬਾਅਦ ਆਓ ਜਾਂ ਦਸ ਮਿੰਟ ਬਾਅਦ ਆਓ ਕਹਿ ਕੇ ਟਾਲਦੇ ਰਹਿੰਦੇ ਹਨ। ਕਈ ਵਾਰ ਘੰਟਿਆਂ ਬੈਠਾ ਕੇ ਰੱਖਿਆ ਜਾਂਦਾ ਹੈ ਅਤੇ ਅੰਤ ਵਿਚ ਕਾਗਜ਼ਾਂ ਵਿਚ ਖਾਮੀਆਂ ਹਨ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਤੌਰ ਤੇ ਰਿਸ਼ਵਤ ਦੇ ਪੈਸੇ ਪਹੁੰਚ ਜਾਣ ’ਤੇ ਕੰਮ ਤੁਰੰਤ ਹੋ ਜਾਂਦਾ ਹੈ, ਨਹੀਂ ਤਾਂ ਉਹੀ ਕਾਗਜ਼ਾਂ ਵਿਚ ਖਾਮੀਆਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਤਹਿਸੀਲ ਵਿੱਚ ਸਾਰਾ ਦਿਨ ਆਮ ਲੋਕ ਖੱਜਲ ਹੁੰਦੇ ਰਹਿੰਦੇ ਹਨ। ਉਹ ਜਿਹੜੇ ਵੀ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰਦੇ ਹਨ ਤਾਂ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵਿੱਚ ਆਮ ਆਦਮੀ ਦਾ ਹੀ ਸਰਕਾਰੀ ਦਫ਼ਤਰਾਂ ਵਿੱਚ ਨਿਰਾਦਰ ਹੋ ਰਿਹਾ ਹੈ ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਨੇ ਕਿਹਾ ਕਿ ਇਹ ਸਿਸਟਮ ਗਰੀਬ ਕਿਸਾਨਾਂ ਨਾਲ ਨਾਇਂਸਾਫ਼ੀ ਹੈ, ਜੋ ਪਹਿਲਾਂ ਹੀ ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਹਨ। ਲਖਵਿੰਦਰ ਸਿੰਘ ਨੇ ਕਿਹਾ ਕਿ ਜੇ ਅਧਿਕਾਰੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ, ਤਾਂ ਧਰਨਿਆਂ ਦੀ ਲੋੜ ਨਾ ਪਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸਦੇ ਖਿਲਾਫ਼ ਯੂਨੀਅਨ ਵੱਲੋਂ ਕੱਲ੍ਹ ਸਵੇਰੇ 11 ਵਜੇ ਤਹਿਸੀਲ ਕੰਪਲੈਕਸ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਜਾਂ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਗੱਲ ਕਰਨ ਤੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਜਾਇਜ਼ ਕੰਮ ਕਿਸੇ ਦਾ ਨਹੀਂ ਰੋਕਿਆ ਜਾ ਰਿਹਾ ਪਰ ਨਾਜਾਇਜ਼ ਕੰਮ ਲਈ ਜਵਾਬ ਦੇਣ ਤੇ ਲੋਕ ਝੂਠੇ ਦੋਸ਼ ਲਾਉਂਦੇ ਹਨ।
ਨਾਇਬ ਤਹਿਸੀਲਦਾਰ ’ਤੇ ਲੋਕਾਂ ਨਾਲ ਬਦਸਲੂਕੀ ਅਤੇ ਕੰਮ ਨਾ ਕਰਵਾਉਣ ਦੇ ਗੰਭੀਰ ਦੋਸ਼—ਕਿਸਾਨ ਜੱਥੇਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਧਰਨਾ ਦੀ ਚੇਤਾਵਨੀ
