ਲੁਧਿਆਣਾ – ਰਾਹੋ ਰੋਡ ਇਲਾਕੇ ਵਿਚ ਉਸ ਸਮੇਂ ਚੀਕ ਪੁਕਾਰ ਮਚ ਗਈ, ਜਦ ਮਾਮੂਲੀ ਵਿਵਾਦ ਨੇ ਇਕ ਖੂਨੀ ਸੰਘਰਸ਼ ਦਾ ਰੂਪ ਲੈ ਲਿਆ। ਦੋ ਧਿਰਾਂ ਦੇ ਵਿਚਕਾਰ ਹੋਈ ਇਸ ਹਿੰਸਕ ਝੜਪ ਵਿਚ ਡਾਂਗਾ, ਡੰਡੇ ਅਤੇ ਬੇਸਬਾਲ ਜਮ ਕੇ ਚਲੇ, ਜਿਸ ਵਿਚ ਕਮਲ ਅਤੇ ਹਿਮਾਸੂੰ ਨਾਮਕ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਲਹੂਲੁਹਾਨ ਹਾਲਤ ਵਿਚ ਨੇੜੇ ਹਸਪਤਾਲ ਲਿਆਂਦਾ ਗਿਆ। ਜਿਥੇ ਉਨਾਂ ਦਾ ਇਲਾਜ ਜਾਰੀ ਹੈ। ਪੀੜਤ ਕਮਲ ਨੇ ਦੋਸ਼ ਲਗਾਏ ਹਨ।
ਕਮਲ ਦਾ ਕਹਿਣਾ ਹੈ ਕਿ ਲਗਭਗ ਦੋ ਦਰਜਨ ਤੋਂ ਜ਼ਿਆਦਾ ਨੌਜਵਾਨ ਡਾਂਗਾ ਅਤੇ ਬੇਸਬਾਲਾ ਦੇ ਡੰਡਿਆਂ ਨਾਲ ਲੈਸ ਸਨ। ਅਚਾਨਕ ਉਨ੍ਹਾਂ ਦੇ ਘਰ ’ਤੇ ਟੁੱਟ ਪਏ। ਉਸਨੇ ਦਾਅਵਾ ਕੀਤਾ ਕਿ ਇਹ ਹਮਲਾ ਪੂਰੀ ਤਰ੍ਹਾਂ ਸਾਜਿਸ਼ ਤਹਿਤ ਹੋਇਆ ਅਤੇ ਹਮਲਾਵਰਾਂ ਦਾ ਮਕਸਦ ਉਨਾਂ ਦੇ ਪਰਿਵਾਰ ਨੂੰਜਾਨਲੇਵਾ ਨੁਕਸਾਨ ਪਹੁੰਚਾਉਣਾ ਸੀ। ਕਮਲ ਦੇ ਮੁਤਾਬਕ ਇਸ ਪੂਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਹਮਲਾਵਰ ਸ਼ਰੇਆਮ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਪੀੜਤ ਪੱਖ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸੀ.ਸੀ.ਟੀ.ਵੀ. ਦੇ ਅਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਦੂਜੀ ਧਿਰ ਨੇ ਮਾਮਲੇ ਵਿਚ ਨਵਾਂ ਮੋੜ ਲਿਆਉਂਦੇ ਜ਼ਖਮੀਆਂ ’ਤੇ ਹੀ ਗੰਭੀਰ ਦੋਸ਼ ਮੜ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਵਾਦ ਅਚਾਨਕ ਨਹੀਂ ਹੋਇਆ ਸਗੋਂ ਜ਼ਖਮੀ ਨੌਜਵਾਨਾਂ ਵਿਚੋਂ ਇਕ ਉਨਾਂ ਦੀ ਘਰ ਦੀ ਲੜਕੀ ਨਾਲ ਛੇੜਛਾੜ ਕਰਦਾ ਸੀ। ਉਧਰ ਥਾਣਾ ਟਿੱਬਾ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਦੇ ਕੋਲ ਦੋਵੇਂ ਧਿਰਾਂ ਵਲੋਂ ਸ਼ਿਕਾਇਤ ਪੁੱਜੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤਾਂ ਕਿ ਹਮਲਾਵਰਾਂ ਦੀ ਸ਼ਨਾਖਤ ਕੀਤੀ ਜਾ ਸਕੇ।
