CM ਮਾਨ ਨੇ ਡਿੰਪੀ ਢਿੱਲੋਂ ‘ਤੇ ਲਏ ਚੁਟਕੀਲੇ ਤੰਜ, ਕਿਹਾ- “ਹਾਲੇ ਬਾਦਲਾਂ ਵਾਲੀ ਰੀਲ ਮੁੱਕੀ ਨਹੀਂ”

ਗਿੱਦੜਬਾਹਾ (ਗੁਰਪ੍ਰੀਤ ਸਿੰਘ) : CM ਭਗਵੰਤ ਮਾਨ ਨੇ ਗਿੱਦੜਬਾਹਾ ਹਲਕੇ ਦੇ ਪਿੰਡ ਸਾਹਿਬ ਚੰਦ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਡਿੰਪੀ ਢਿੱਲੋਂ ‘ਤੇ ਹਾਸਿਆਂ ਭਰੇ ਅੰਦਾਜ਼ ਵਿੱਚ ਤੰਜ ਕੱਸੇ। ਮੁੱਖ ਮੰਤਰੀ ਨੇ ਕਿਹਾ ਕਿ ਡਿੰਪੀ ਢਿੱਲੋਂ ਦੀ “ਬਾਦਲਾਂ ਵਾਲੀ ਰੀਲ” ਹਾਲੇ ਮੁੱਕੀ ਨਹੀਂ ਹੈ ਅਤੇ ਉਹ ਕਦੇ-ਕਦੇ ਉਨ੍ਹਾਂ ਨੂੰ ਵੀ “ਬਾਦਲ ਸਾਹਿਬ” ਕਹਿ ਦਿੰਦੇ ਹਨ।

ਭਗਵੰਤ ਮਾਨ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਪੁਰਾਣੀ ਮੈਮਰੀ ਹੌਲੀ-ਹੌਲੀ ਡਿਲੀਟ ਹੋਵੇਗੀ, ਹਾਲੇ ਬਾਦਲਾਂ ਵਾਲੀ ਗਰਾਰੀ ਫਸੀ ਹੋਈ ਹੈ।” ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ “10 ਲੱਖ ਵਾਲਾ ਕਾਰਡ ਬਣਾ ਕੇ ਡਿੰਪੀ ਦਾ ਇਲਾਜ ਕਰਵਾ ਦਿੰਦੇ ਹਾਂ।”

ਮੁੱਖ ਮੰਤਰੀ ਨੇ ਕਿਹਾ ਕਿ ਡਿੰਪੀ ਢਿੱਲੋਂ ਲੰਬੇ ਸਮੇਂ ਤੱਕ ਅਕਾਲੀ ਦਲ ਨਾਲ ਜੁੜੇ ਰਹੇ ਹਨ, ਇਸ ਕਰਕੇ ਪੁਰਾਣੀਆਂ ਆਦਤਾਂ ਇੱਕਦਮ ਨਹੀਂ ਜਾਂਦੀਆਂ। ਉਨ੍ਹਾਂ ਨੇ ਹੱਸਦੇ ਹੋਏ ਕਿਹਾ, “ਅਜੇ ਵੀ ਕਦੇ-ਕਦੇ ਮੈਨੂੰ ਬਾਦਲ ਸਾਹਿਬ ਕਹਿ ਜਾਂਦੇ ਨੇ, ਪਰ ਕੋਈ ਨਹੀਂ, ਮਾਫ ਹੈ।”

ਭਗਵੰਤ ਮਾਨ ਨੇ ਡਿੰਪੀ ਢਿੱਲੋਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਾਰਟੀ ‘ਤੇ ਅਤੇ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਿੰਪੀ ਨੇ ਆਮ ਆਦਮੀ ਪਾਰਟੀ ਵਿੱਚ ਆ ਕੇ ਮਿਹਨਤ ਕੀਤੀ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ, ਜਿਸ ਲਈ ਤਾੜੀਆਂ ਬਣਦੀਆਂ ਹਨ।

ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਗਿੱਦੜਬਾਹਾ ਵਿੱਚ ਜ਼ਿਮਨੀ ਚੋਣ ਹੋਈ ਸੀ, ਜਿਸ ਵਿੱਚ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ ਸਨ।

By Gurpreet Singh

Leave a Reply

Your email address will not be published. Required fields are marked *