SIR ਪ੍ਰਕਿਰਿਆ ਖ਼ਿਲਾਫ਼ ਕੇਰਲ ’ਚ ਵੀ ਗੂੰਜੇਗੀ ਆਵਾਜ਼, 7 ਨਵੰਬਰ ਨੂੰ ਕੋੱਚੀ ’ਚ ‘ਜੰਤਰ-ਮੰਤਰ @ ਕੋੱਚੀ’ ਪ੍ਰਦਰਸ਼ਨ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਵੋਟਰ ਸੂਚੀਆਂ ਦੀ SIR ਪ੍ਰਕਿਰਿਆ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਦਿੱਲੀ ਤੋਂ ਨਿਕਲ ਕੇ ਦੱਖਣੀ ਭਾਰਤ ਤੱਕ ਪਹੁੰਚ ਗਿਆ ਹੈ। ਕਾਕਰੋਚ ਜਨਤਾ ਪਾਰਟੀ (CJP) ਨੇ ਕੇਰਲ ਦੇ ਕੋੱਚੀ ਸਥਿਤ ਰਾਜੇਂਦਰ ਮੈਦਾਨ ਵਿੱਚ 7 ਨਵੰਬਰ ਨੂੰ ਸ਼ਾਮ 4 ਵਜੇ ‘ਜੰਤਰ-ਮੰਤਰ @ ਕੋੱਚੀ’ ਦੇ ਨਾਂ ਹੇਠ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪ੍ਰਦਰਸ਼ਨ ਦਾ ਪੋਸਟਰ ਜਾਰੀ ਕਰਦਿਆਂ ਆਪਣੇ ਸਮਰਥਕਾਂ ਅਤੇ ਆਮ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੁਹਿੰਮ ਨੂੰ ‘ਲੋਕਤੰਤਰ ਬਚਾਓ! SIR ਰੱਦ ਕਰੋ!’ ਹੈਸ਼ਟੈਗ ਨਾਲ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਜਾਰੀ ਕੀਤੇ ਗਏ ਪੋਸਟਰਾਂ ਅਨੁਸਾਰ, ਇਸ ਰਾਸ਼ਟਰੀ ਪੱਧਰ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ CJP ਦੇ ਸੰਸਥਾਪਕ ਅਭਿਜੀਤ ਦੀਪਕੇ, ਰਾਸ਼ਟਰੀ ਸਕੱਤਰ ਆਫਰੀਨ ਨਵਾਜ਼ ਅਤੇ ਪਾਰਟੀ ਦੇ ਮੀਡੀਆ ਤੇ ਦੱਖਣੀ ਜ਼ੋਨ ਦੇ ਇੰਚਾਰਜ ਵਿਜੇ ਮੱਲਾਂਗੀ ਕਰਨਗੇ।

ਦਿੱਲੀ ਪ੍ਰਦਰਸ਼ਨ ਨਾਲ ਜੁੜੇ ਮਾਮਲੇ ’ਚ ਪਾਰਟੀ ਆਗੂਆਂ ਤੋਂ ਪੁੱਛਗਿੱਛ

ਦੂਜੇ ਪਾਸੇ, ਦਿੱਲੀ ਦੇ ਜੰਤਰ-ਮੰਤਰ ’ਤੇ 13 ਅਕਤੂਬਰ ਨੂੰ ਕੀਤੇ ਗਏ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਦੋ FIR ਦੇ ਮਾਮਲੇ ਵਿੱਚ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਤੋਂ ਕਰੀਬ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਘੱਟੋ-ਘੱਟ 70 ਸਵਾਲ ਪੁੱਛੇ ਗਏ, ਹਾਲਾਂਕਿ ਉਨ੍ਹਾਂ ਨੇ ਕੁਝ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

ਪਾਰਟੀ ਆਗੂ 13 ਅਕਤੂਬਰ ਨੂੰ ਜੰਤਰ-ਮੰਤਰ ਦੇ ਗੈਰ-ਅਧਿਸੂਚਿਤ ਸਥਾਨ ’ਤੇ ਦਾਖ਼ਲ ਹੋਣ ਦੇ ਮਾਮਲੇ ਵਿੱਚ ਦਰਜ ਦੋ FIR ਦੇ ਸਬੰਧ ਵਿੱਚ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਏ ਸਨ। ਨੋਟੀਫਿਕੇਸ਼ਨ ਜਾਰੀ ਕਰਕੇ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ।

ਇਨ੍ਹਾਂ ਵਿੱਚੋਂ ਇੱਕ FIR ਕਨਾਟ ਪਲੇਸ ਪੁਲਿਸ ਸਟੇਸ਼ਨ ਅਤੇ ਦੂਜੀ ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਬਾਅਦ ਵਿੱਚ ਦੋਵੇਂ ਮਾਮਲੇ ਜਾਂਚ ਲਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੇ ਗਏ ਸਨ।

ਇਹ ਮਾਮਲੇ ਜੰਤਰ-ਮੰਤਰ ਪਹੁੰਚਣ ਲਈ ਕਥਿਤ ਤੌਰ ’ਤੇ ਨਿੱਜੀ ਜਾਇਦਾਦ ਵਿੱਚ ਗੈਰ-ਕਾਨੂੰਨੀ ਦਾਖ਼ਲੇ ਅਤੇ ਉੱਥੇ ਲਾਗੂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਨਾਲ ਸਬੰਧਤ ਹਨ। ਦੱਸਿਆ ਗਿਆ ਹੈ ਕਿ ਪਾਰਟੀ ਆਗੂਆਂ ਨੇ ਉੱਥੇ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਹਿਰਾਇਆ ਸੀ।

By Gurpreet Singh

Leave a Reply

Your email address will not be published. Required fields are marked *