ਗੁਰਪ੍ਰੀਤ ਸਿੰਘ :- ਆਮ ਆਦਮੀ पार्टी (AAP) ਵੱਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਹੈ। ਪਾਰਟੀ ਹਾਈਕਮਾਨ ਨੇ ਇਸ ਵਾਰ ਰੂਪਨਗਰ ਜ਼ਿਲ੍ਹੇ ਦੀ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਡਾ. ਚਰਨਜੀਤ ਸਿੰਘ ਦੀ ਥਾਂ ‘ਤੇ ਜਸਵੀਰ ਸਿੰਘ ਗੜ੍ਹੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਟਿਕਟ ਕੱਟੇ ਜਾਣ ਤੋਂ ਬਾਅਦ ਡਾ. ਚਰਨਜੀਤ ਸਿੰਘ ਨੇ ਆਗਾਮੀ ਚੋਣ ਮੈਦਾਨ ਵਿੱਚ ਉੱਤਰਨ ਦਾ ਸਪੱਸ਼ਟ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਤਾਂ ਲੜਨੀ ਹੀ ਹੈ ਅਤੇ ਉਹ ਹਰ ਹਾਲ ਵਿੱਚ ਚੋਣ ਲੜਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ, ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਲਈ ਥੋੜ੍ਹਾ ਸਮਾਂ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਪਿਛਲੇ 35 ਸਾਲਾਂ ਤੋਂ ਜੁੜੇ ਹੋਏ ਸਾਥੀ ਅਤੇ ਸਮਰਥਕ ਹਨ, ਜਿਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਉਹ ਕੋਈ ਅੰਤਿਮ ਫ਼ੈਸਲਾ ਲੈਣਗੇ।
ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਗਏ ਸਵਾਲ ‘ਤੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਸ ਵਿਸ਼ੇ ‘ਤੇ ਵੀ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਹੈ। ਉਨ੍ਹਾਂ ਮੁਤਾਬਕ ਅਜਿਹੇ ਵੱਡੇ ਸਿਆਸੀ ਫ਼ੈਸਲੇ ਇਕੱਲਿਆਂ ਨਹੀਂ ਲਏ ਜਾ ਸਕਦੇ ਅਤੇ ਫਿਲਹਾਲ ਉਹ ਆਪਣੀ ਮੌਜੂਦਾ ਪਾਰਟੀ ਨੂੰ ਸਮਾਂ ਦੇਣਗੇ।
ਚੰਨੀ ਦੀ ਸਾਈਕਲ ਰੈਲੀ ਨੂੰ ਕਾਲੇ ਝੰਡੇ ਦਿਖਾਉਣਾ ਗ਼ਲਤ: ਡਾ. ਚਰਨਜੀਤ ਸਿੰਘ
ਗੱਲਬਾਤ ਦੌਰਾਨ ਜਦੋਂ ਡਾ. ਚਰਨਜੀਤ ਸਿੰਘ ਨੂੰ ਇਹ ਸਵਾਲ ਕੀਤਾ ਗਿਆ ਕਿ ਪਾਰਟੀ ਵੱਲੋਂ ਜਸਵੀਰ ਸਿੰਘ ਗੜ੍ਹੀ ਨੂੰ ਮੈਦਾਨ ਵਿੱਚ ਉਤਾਰ ਕੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਖੜ੍ਹਾ ਕੀਤਾ ਗਿਆ ਹੈ, ਤਾਂ ਉਨ੍ਹਾਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਜ ਚਰਨਜੀਤ ਸਿੰਘ ਚੰਨੀ ਸਟੇਜ ਤੋਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੇਕਰ ਕੋਈ ਵੀ ਵਿਅਕਤੀ ਤਿਨਕਾ ਭਰ ਵੀ ਕੰਮ ਕਰਦਾ ਹੈ, ਤਾਂ ਉਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।
ਡਾ. ਚਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਈਕਲ ਰੈਲੀ ਕੱਢੀ ਜਾਣੀ ਸੀ, ਪਰ ਜਸਵੀਰ ਸਿੰਘ ਗੜ੍ਹੀ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ, ਜੋ ਕਿ ਬਹੁਤ ਗ਼ਲਤ ਗੱਲ ਹੈ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਵਿਅਕਤੀ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾਣ ਵਾਲੇ ਹਰ ਉਪਰਾਲੇ ਦਾ ਸਵਾਗਤ ਹੋਣਾ ਚਾਹੀਦਾ ਹੈ।
ਕਾਂਗਰਸ ਵਿੱਚ ਜਾਣ ਦੀਆਂ ਅਟਕਲਾਂ ਨੂੰ ਕੀਤਾ ਸਿਰੇ ਤੋਂ ਖਾਰਜ
ਜਦੋਂ ਮੀਡੀਆ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਹੁਣ ‘ਚੰਨੀ ਪਲੱਸ ਚੰਨੀ’ ਵਾਲੀ ਸਿਆਸੀ ਸਥਿਤੀ ਬਣ ਰਹੀ ਹੈ, ਤਾਂ ਡਾ. ਚਰਨਜੀਤ ਸਿੰਘ ਨੇ ਇਸ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਉਨ੍ਹਾਂ ਮੁਤਾਬਕ ਪੰਜਾਬ ਦੀ ਨੰਬਰ ਇੱਕ ਦੁਸ਼ਮਣ ਪਾਰਟੀ ਕਾਂਗਰਸ ਹੈ ਅਤੇ ਉਹ ਕਦੇ ਵੀ ਕਾਂਗਰਸ ਪਾਰਟੀ ਵਿੱਚ ਨਹੀਂ ਜਾ ਸਕਦੇ।
ਪੰਜਾਬ ਦੀ ਨੰਬਰ ਦੋ ਦੁਸ਼ਮਣ ਪਾਰਟੀ ਕਿਹੜੀ ਹੈ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਸਭ ਕੁਝ ਸਪੱਸ਼ਟ ਹੋ ਜਾਵੇਗਾ। ਹਮਖ਼ਿਆਲੀ ਪਾਰਟੀਆਂ ਨਾਲ ਗੱਠਜੋੜ ਜਾਂ ਸ਼ਮੂਲੀਅਤ ਬਾਰੇ ਬੋਲਦਿਆਂ ਉਨ੍ਹਾਂ ਸੰਕੇਤ ਦਿੱਤਾ ਕਿ ਉਹ ਜਲਦ ਹੀ ਇੱਕ ਚੰਗੀ ਪਾਰਟੀ ਬਾਰੇ ਖੁਲਾਸਾ ਕਰਨਗੇ।
