ਸੈਮ ਪਿਤਰੋਦਾ ਦੇ 1984 ਸਿੱਖ ਕਤਲੇਆਮ ਬਾਰੇ ਬਿਆਨ ਤੇ ਪਰਮਜੀਤ ਸਰਨਾ ਨੇ ਜਤਾਇਆ ਇਤਰਾਜ਼

ਗੁਰਪ੍ਰੀਤ ਸਿੰਘ :- ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਦੇ 1984 ਦੇ ਸਿੱਖ ਕਤਲੇਆਮ ਸਬੰਧੀ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ 1984 ਦੀਆਂ ਘਟਨਾਵਾਂ ਨੂੰ ਭੁੱਲ ਕੇ ਅੱਗੇ ਵਧਣ ਦੀ ਗੱਲ ਕਰਨਾ ਉਨ੍ਹਾਂ ਹਜ਼ਾਰਾਂ ਸਿੱਖ ਪਰਿਵਾਰਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਹਿੰਸਾ ਵਿੱਚ ਗੁਆਇਆ।

ਸਰਨਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ 42 ਸਾਲ ਬੀਤ ਜਾਣ ਦਾ ਹਵਾਲਾ ਦੇ ਕੇ ਪੀੜਤਾਂ ਨੂੰ ਇਸ ਤ੍ਰਾਸਦੀ ਨੂੰ ਭੁੱਲਣ ਦੀ ਸਲਾਹ ਦੇਣਾ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਰਗਾ ਹੈ। ਉਨ੍ਹਾਂ ਦੇ ਮੁਤਾਬਕ, ਰਾਹੁਲ ਗਾਂਧੀ ਦੇ ਸਿਆਸੀ ਮਾਰਗਦਰਸ਼ਕ ਮੰਨੇ ਜਾਂਦੇ ਸੈਮ ਪਿਤਰੋਦਾ ਦੇ ਬਿਆਨ ਨੇ ਕਾਂਗਰਸ ਦੀ ਸੰਵੇਦਨਸ਼ੀਲਤਾ ਅਤੇ ਇਸ ਮੁੱਦੇ ਪ੍ਰਤੀ ਪਾਰਟੀ ਦੇ ਰਵੱਈਏ ’ਤੇ ਮੁੜ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ 1984 ਦੀ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਅਨੁਸਾਰ, ਬੇਕਸੂਰ ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਤੇ ਹਮਲੇ ਕੀਤੇ ਗਏ ਅਤੇ ਕਈਆਂ ਨੂੰ ਟਾਇਰ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ। ਇਸ ਹਿੰਸਾ ਕਾਰਨ ਹਜ਼ਾਰਾਂ ਪਰਿਵਾਰ ਉੱਜੜ ਗਏ, ਔਰਤਾਂ ਵਿਧਵਾ ਹੋਈਆਂ, ਬੱਚੇ ਅਨਾਥ ਹੋਏ ਅਤੇ ਕਈ ਪਰਿਵਾਰਾਂ ਦੇ ਘਰ ਤੇ ਕਾਰੋਬਾਰ ਤਬਾਹ ਹੋ ਗਏ। ਸਰਨਾ ਨੇ ਕਿਹਾ ਕਿ ਅਜਿਹੀ ਦਰਦਨਾਕ ਘਟਨਾ ਨੂੰ ਸਮੇਂ ਦੇ ਬੀਤਣ ਨਾਲ ਭੁਲਾ ਦੇਣ ਦੀ ਗੱਲ ਕਰਨਾ ਪੀੜਤ ਪਰਿਵਾਰਾਂ ਦੀਆਂ ਤਕਲੀਫ਼ਾਂ ਨੂੰ ਸਮਝਣ ਵਿੱਚ ਅਸਫਲਤਾ ਦਰਸਾਉਂਦਾ ਹੈ।

By Gurpreet Singh

Leave a Reply

Your email address will not be published. Required fields are marked *