ਪਿੰਡ ਨਿੱਕੂਵਾਲ ਦੇ ਨੌਜਵਾਨ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦੀ ਗਤੀ ਰੁਕ ਜਾਣ ਕਾਰਨ ਹੋਈ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਇਥੋਂ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਤ ਤੇ ਕੈਨੇਡਾ ਦੇ ਸਰੀ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰ ਰਹੇ 35 ਸਾਲਾਂ ਨੌਜਵਾਨ ਪਰਵਿੰਦਰ ਸਿੰਘ ਪੰਮਾ ਦੀ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਕਿ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਸ ਨੌਜਵਾਨ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ।

ਇਸ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਸਾਬਕਾ ਫੌਜੀ ਹਨ ਜਿਨ੍ਹਾਂ ਨੇ ਆਪਣੀ ਸਮੁੱਚੀ ਜਾਇਦਾਦ ਵੇਚ ਕੇ ਉੱਜਵਲ ਭਵਿੱਖ ਲਈ 15 ਸਤੰਬਰ 2024  ਨੂੰ  ਵਰਕ ਪਰਮਿਟ ਤੇ ਕੈਨੇਡਾ ਭੇਜਿਆ ਸੀ। ਮ੍ਰਿਤਕ ਨੌਜਵਾਨ ਦੀ ਭੈਣ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਡਵੋਕੇਟ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪੰਮਾ ਕੈਨੇਡਾ ਦੇ ਸਰੀ ਦੀ ਕਲੇਰ ਟਰਾਂਸਪੋਰਟ ਵਿੱਚ ਬਤੌਰ ਟਰਾਲਾ ਡਰਾਈਵਰ ਕੰਮ ਕਰਦਾ ਸੀ।

ਉਸ ਨੇ ਦੇਰ ਰਾਤ ਆਪਣੀ ਪਤਨੀ ਤੇ ਮਾਪਿਆਂ ਨਾਲ ਲੰਬਾ ਸਮਾਂ ਗੱਲਬਾਤ ਕੀਤੀ ਪਰ ਸਵੇਰ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੰਮਾ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਨ੍ਹਾਂ ਦੇ ਭਰਾ ਪੰਮਾ ਨੂੰ ਕੈਨੇਡਾ ਭੇਜਿਆ ਸੀ ਪ੍ਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਪੰਮਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

By Rajeev Sharma

Leave a Reply

Your email address will not be published. Required fields are marked *