ਨੈਸ਼ਨਲ ਟਾਈਮਜ਼ ਬਿਊਰੋ :- ਮਾਰਕ ਕਾਰਨੀ ਬੁੱਧਵਾਰ ਨੂੰ ਨੌਰਥ ਵੈਸਟ ਟੈਰੀਟ੍ਰੀਜ਼ (N.W.T.) ਵਿਚ ਆਪਣੇ ਜੱਦੀ ਸ਼ਹਿਰ ਫ਼ੋਰਟ ਸਮਿੱਥ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਅਧਿਕਾਰਕ ਫੇਰੀ ਹੋਵੇਗੀ।
ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਕਾਰਨੀ ਅਤੇ ਪ੍ਰੀਮੀਅਰ ਆਰ.ਜੇ. ਸਿੰਪਸਨ ਬੁੱਧਵਾਰ ਸਵੇਰੇ ਫ਼ੋਰਟ ਸਮਿਥ ਵਿੱਚ ਸਥਾਨਕ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਕਿਫਾਇਤੀ ਚੁਣੌਤੀਆਂ ਅਤੇ ਭੋਜਨ ਅਸੁਰੱਖਿਆ ਬਾਰੇ ਚਰਚਾ ਕੀਤੀ ਜਾ ਸਕੇ।
ਕਾਰਨੀ ਦਾ N.W.T. ਇਲਾਕੇ ਵਿੱਚ ਜੰਗਲੀ ਅੱਗ ਦੇ ਪ੍ਰਭਾਵਾਂ ਬਾਰੇ ਸਥਾਨਕ ਲੀਡਰਾਂ ਨਾਲ ਮੁਲਾਕਾਤ ਕਰਨ ਦਾ ਵੀ ਪ੍ਰੋਗਰਾਮ ਹੈ।
ਭਾਵੇਂ ਇਹ ਜੰਗਲੀ ਅੱਗ ਦਾ ਮੌਸਮ ਹੁਣ ਤੱਕ ਮੁਕਾਬਲਤਨ ਸ਼ਾਂਤ ਰਿਹਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਇਸ ਖੇਤਰ ਨੂੰ ਅੱਗਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। 2023 ਵਿੱਚ ਫ਼ੋਰਟ ਸਮਿਥ, ਹੇਅ ਰਿਵਰ ਅਤੇ ਯੈਲੋਨਾਈਫ ਨੂੰ ਜੰਗਲੀ ਅੱਗਾਂ ਕਾਰਨ ਖਾਲੀ ਕਰਵਾਉਣਾ ਪਿਆ ਸੀ।
ਕਾਰਨੀ ਦਾ ਜਨਮ ਫ਼ੋਰਟ ਸਮਿਥ ਵਿੱਚ ਹੋਇਆ ਸੀ। ਜਦੋਂ ਕਾਰਨੀ ਛੇ ਸਾਲ ਦੇ ਸਨ ਉਦੋਂ ਉਹਨਾਂ ਦਾ ਪਰਿਵਾਰ ਇਸ ਸ਼ਹਿਰ ਤੋਂ ਦੱਖਣ ਵੱਲ ਕੂਚ ਕਰ ਗਿਆ ਸੀ।
ਉਹ ਬੁੱਧਵਾਰ ਸ਼ਾਮ ਨੂੰ ਇਨੂਵਿਕ ਵਿੱਚ ਹੋਣਗੇ, ਜਿੱਥੇ ਉਹ ਸਥਾਨਕ ਕਮਿਊਨਿਟੀ ਸੈਂਟਰ ਦਾ ਦੌਰਾ ਕਰਨਗੇ ਅਤੇ (ਮੂਲਨਿਵਾਸੀ ਲੀਡਰਾਂ) ਇਨੂਇਟ ਟੈਪੀਰੀਟ ਕਾਨਾਟਾਮੀ ਦੇ ਪ੍ਰੈਜ਼ੀਡੈਂਟ ਨੇਟਨ ਓਬੇਡ ਅਤੇ ਇਨੂਵਿਆਲੁਇਟ ਰੀਜਨਲ ਕਾਰਪੋਰੇਸ਼ਨ ਦੇ ਚੇਅਰਮੈਨ ਡੁਏਨ ਸਮਿਥ ਨਾਲ ਮੁਲਾਕਾਤ ਕਰਨਗੇ।
ਉਨ੍ਹਾਂ ਵੱਲੋਂ ਫ਼ੈਡਰਲ ਸਰਕਾਰ ਦੇ ਅਹਿਮ ਪ੍ਰੋਜੈਕਟ ਕਾਨੂੰਨ, ਬਿੱਲ ਸੀ-5 ‘ਤੇ ਚਰਚਾ ਕਰਨ ਦੀ ਉਮੀਦ ਹੈ।
ਫ਼ੈਡਰਲ ਸਰਕਾਰ ਨੇ ਕਿਹਾ ਕਿ ਉਹ ਬਿਲਡਿੰਗ ਕੈਨੇਡਾ ਐਕਟ ‘ਤੇ ਚਰਚਾ ਕਰਨ ਲਈ ਫਸਟ ਨੇਸ਼ਨਜ਼, ਇਨੂਇਟ ਅਤੇ ਮੇਟੀ ਮੂਲਨਿਵਾਸੀ ਭਾਈਚਾਰਿਆਂ ਨਾਲ ਗਰਮੀਆਂ ਦੌਰਾਨ ਕਈ ਸੰਮੇਲਨ
ਆਯੋਜਿਤ ਕਰੇਗੀ। ਇਹ ਕਾਨੂੰਨ ਸਰਕਾਰ ਨੂੰ ਰਾਸ਼ਟਰੀ ਹਿੱਤ ਵਿਚ ਮੰਨੇ ਜਾਂਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮਨਜ਼ੂਰ ਕਰਨ ਲਈ ਕੁਝ ਸਰਕਾਰੀ ਨਿਯਮਾਂ ਅਤੇ ਵਾਤਾਵਰਣ ਮੁਲਾਂਕਣਾਂ ਨੂੰ ਬਾਈਪਾਸ ਕਰਨ ਦੀ ਸ਼ਕਤੀ ਦਿੰਦਾ ਹੈ।
ਇਹ ਕਾਨੂੰਨ ਵਿਵਾਦਪੂਰਨ ਰਿਹਾ ਹੈ ਅਤੇ ਬਹੁਤ ਸਾਰੇ ਫਸਟ ਨੇਸ਼ਨਜ਼ ਸਮੂਹਾਂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੀਆਂ ਸੰਧੀਆਂ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ।
