ਕੈਗ ਰਿਪੋਰਟ ਬਿਨਾਂ ਬਜਟ ਚਰਚਾ? ਕਾਂਗਰਸ ਦੀ ਰਾਜਪਾਲ ਕੋਲ ਸ਼ਿਕਾਇਤ ਨਾਲ ਉੱਠੇ ਵੱਡੇ ਸਵਾਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸਦਨ ‘ਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਅੱਜ ਸਦਨ ‘ਚ ਬਜਟ ‘ਤੇ ਚਰਚਾ ਹੋਣੀ ਹੈ। ਇਸ ਨੂੰਮ ਲੈ ਕੇ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਘੇਰਨ ਦੀ ਤਿਆਰੀ ਦਿਖਾਈ ਦੇ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਗ ਦੀਆਂ ਰਿਪੋਰਟਾਂ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
 ਬਾਜਵਾ ਦਾ ਕਹਿਣਾ ਹੈ ਕਿ ਪਿਛਲੀਆਂ ਤਿੰਨ ਕੈਗ ਦੀਆਂ ਰਿਪੋਰਟਾਂ ਹਾਲੇ ਤੱਕ ਵਿਧਾਨ ਸਭਾ ‘ਚ ਟੇਬਲ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੇ ਮੁਤਾਬਕ ਚੌਥੀ ਰਿਪੋਰਟ ਵੀ ਅਜੇ ਤੱਕ ਰਾਜਪਾਲ ਕੋਲ ਦਸਤਖ਼ਤ ਲਈ ਨਹੀਂ ਭੇਜੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਤੱਕ ਇਹ ਰਿਪੋਰਟਾਂ ਸਾਹਮਣੇ ਨਹੀਂ ਆਉਂਦੀਆਂ, ਤਦੋਂ ਤੱਕ ਬਜਟ ‘ਚ ਦਿੱਤੇ ਅੰਕੜਿਆਂ ਦੀ ਸੱਚਾਈ ਦਾ ਪਤਾ ਨਹੀਂ ਲੱਗ ਸਕਦਾ।

ਬੀਤੇ ਦਿਨ ਬਾਜਵਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਬਿਨਾਂ ਆਡਿਟ ਹੋਏ ਅਕਾਊਂਟਾਂ ਦੇ ਆਧਾਰ ‘ਤੇ ਬਜਟ ਪੇਸ਼ ਕਰਨਾ ਗੰਭੀਰ ਮਸਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਗ ਰਿਪੋਰਟਾਂ ਨੂੰ ਟੇਬਲ ਕੀਤਾ ਜਾਵੇ ਤਾਂ ਹੀ ਸੂਬੇ ਦੀ ਅਸਲੀ ਆਰਥਿਕ ਸਥਿਤੀ, ਕਰਜ਼ੇ ਦੀ ਮਾਤਰਾ ਅਤੇ ਖ਼ਰਚਿਆਂ ਬਾਰੇ ਸਪੱਸ਼ਟਤਾ ਆ ਸਕਦੀ ਹੈ। 

ਇਸ ਮਸਲੇ ਨੂੰ ਲੈ ਕੇ ਅੱਜ ਵਿਧਾਨ ਸਭਾ ‘ਚ ਵਿਰੋਧੀ ਧਿਰ ਵੱਲੋਂ ਤਿੱਖਾ ਵਿਰੋਧ ਅਤੇ ਹੰਗਾਮਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿਰੋਧੀ ਪੱਖ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਕੈਗ ਦੀਆਂ ਰਿਪੋਰਟਾਂ ਸਦਨ ‘ਚ ਪੇਸ਼ ਕਰਨੀ ਚਾਹੀਦੀਆਂ ਹਨ, ਨਹੀਂ ਤਾਂ ਬਜਟ ਦੇ ਅੰਕੜਿਆਂ ‘ਤੇ ਭਰੋਸਾ ਕਰਨਾ ਮੁਸ਼ਕਲ ਹੋਵੇਗਾ। ਉਧਰ ਸਰਕਾਰ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਵੱਡਾ ਜਵਾਬ ਸਾਹਮਣੇ ਨਹੀਂ ਆਇਆ, ਜਿਸ ਕਰਕੇ ਅੱਜ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਮਾਹੌਲ ਗਰਮ ਹੋਣ ਦੀ ਪੂਰੀ ਸੰਭਾਵਨਾ ਹੈ।

By Gurpreet Singh

Leave a Reply

Your email address will not be published. Required fields are marked *