ਕੈਨੇਡਾ-ਅਮਰੀਕਾ ਵਪਾਰ ਯੁੱਧ: ਕਾਰਨੀ ਨੇ ਕੀਤਾ ਜਵਾਬੀ ਟੈਰਿਫ਼ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਗਏ 25% ਆਟੋ ਟੈਰਿਫ਼ਾਂ ਦੇ ਜਵਾਬ ਵਿੱਚ, ਕੈਨੇਡਾ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੀਆਂ ਕਾਰਾਂ ‘ਤੇ ਬਰਾਬਰ ਦੇ ਟੈਰਿਫ਼ ਲਗਾਏਗਾ। ਔਟਾਵਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, ਕਾਰਨੀ ਨੇ ਕਿਹਾ ਕਿ ਇਹ ਟੈਰਿਫ਼ ਉਨ੍ਹਾਂ ਸਾਰੇ ਵਾਹਨਾਂ ‘ਤੇ ਲਾਗੂ ਹੋਣਗੇ, ਜੋ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਲਣਾ ਕਰਨ ਵਾਲੇ ਵਾਹਨਾਂ ਵਿੱਚ ਵੀ ਕਿਸੇ ਵੀ ਗੈਰ-ਕੈਨੇਡੀਅਨ ਸਮੱਗਰੀ ‘ਤੇ ਇਹ ਟੈਕਸ ਲਾਗੂ ਹੋਵੇਗਾ, ਪਰ ਮੈਕਸੀਕੋ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਇਸ ਤੋਂ ਛੋਟ ਮਿਲੇਗੀ।

ਕਾਰਨੀ ਨੇ ਵਧਦੇ ਵਪਾਰ ਯੁੱਧ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, “ਅੱਗੇ ਦਾ ਰਸਤਾ ਮੁਸ਼ਕਲ ਹੋਵੇਗਾ ਕਿਉਂਕਿ ਕੈਨੇਡਾ ਹੁਣ ਇੱਕ ਵੱਡੇ ਵਪਾਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਕੋਸ਼ਿਸ਼ ਰਹੇਗੀ ਕਿ ਟੈਰਿਫ਼ ਦੇ ਜਵਾਬ ਵਿੱਚ ਅਮਰੀਕਾ ‘ਚ ਵੱਧ ਤੋਂ ਵੱਧ ਪ੍ਰਭਾਵ ਪਏ, ਜਦੋਂ ਕਿ ਕੈਨੇਡਾ ਦੇ ਨਾਗਰਿਕਾਂ ਉੱਤੇ ਇਸਦਾ ਘੱਟੋ-ਘੱਟ ਅਸਰ ਹੋਵੇ।

ਇਸ ਵਪਾਰ ਸੰਕਟ ਦਾ ਪ੍ਰਭਾਵ ਪਹਿਲਾਂ ਹੀ ਵੇਖਣ ਨੂੰ ਮਿਲ ਰਿਹਾ ਹੈ। ਵਿੰਡਸਰ ‘ਚ ਸਟੈਲੈਂਟਿਸ ਨੇ ਆਪਣੇ ਪਲਾਂਟ ਨੂੰ ਆਰਜ਼ੀ ਤੌਰ ‘ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਉਦੋਂ ਹੀ, ਵਪਾਰ ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਟੋ ਸੈਕਟਰ ‘ਤੇ ਲੱਗੇ ਇਹ ਨਵੇਂ ਟੈਰਿਫ਼ ਵਾਹਨਾਂ ਦੀਆਂ ਕੀਮਤਾਂ ਨੂੰ ਕਾਫ਼ੀ ਵਧਾ ਦੇਣਗੇ, ਜਿਸ ਨਾਲ ਆਮ ਨਾਗਰਿਕਾਂ ਨੂੰ ਭਾਰੀ ਝਟਕਾ ਲੱਗ ਸਕਦਾ ਹੈ।

ਦੂਜੇ ਪਾਸੇ, ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਹ ਸਰਕਾਰ ਬਣਾਉਂਦੇ ਹਨ, ਤਾਂ ਕੈਨੇਡਾ ਵਿੱਚ ਬਣੇ ਵਾਹਨਾਂ ‘ਤੇ ਫੈਡਰਲ ਵਿਕਰੀ ਟੈਕਸ ਹਟਾ ਦਿੱਤਾ ਜਾਵੇਗਾ। ਇਹ ਉਹੀ ਨੀਤੀ ਹੈ, ਜੋ ਕਿ ਪਿਛਲੇ ਹਫ਼ਤੇ ਐਨਡੀਪੀ ਵੱਲੋਂ ਪੇਸ਼ ਕੀਤੀ ਗਈ ਸੀ।ਕਾਰਨੀ ਨੇ ਆਖਿਰ ‘ਚ ਇਹ ਵੀ ਕਿਹਾ ਕਿ ਅਮਰੀਕਾ ਨੇ ਹੋਰ ਦੇਸ਼ਾਂ ‘ਤੇ 10% ਬੇਸਲਾਈਨ ਟੈਰਿਫ਼ ਲਗਾਏ ਹਨ, ਪਰ 25% ਆਟੋ ਟੈਰਿਫ਼ ਸਿੱਧਾ ਹੀ ਕੈਨੇਡੀਅਨ ਆਟੋ ਉਦਯੋਗ ‘ਤੇ ਵੱਡਾ ਪ੍ਰਭਾਵ ਪਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ “ਅਮਰੀਕਾ ਨਾਲ ਲਗਾਤਾਰ ਡੂੰਘਾ ਵਪਾਰਕ ਰਿਸ਼ਤਾ ਹੁਣ ਖਤਮ ਹੋ ਗਿਆ ਹੈ। 80 ਸਾਲਾਂ ਤੋਂ ਚੱਲ ਰਹੀ ਅਮਰੀਕਾ ਦੀ ਆਰਥਿਕ ਲੀਡਰਸ਼ਿਪ ਵੀ ਹੁਣ ਪਿੱਛੇ ਹਟ ਰਹੀ ਹੈ।”

By Rajeev Sharma

Leave a Reply

Your email address will not be published. Required fields are marked *