ਟੈਰਿਫ਼ਾਂ ਨੂੰ ਹਟਾਉਣ ਬਾਰੇ ਪ੍ਰਾਈਵੇਟ ਵਿਚ ਗੱਲਬਾਤ ਕਰ ਰਹੇ ਨੇ ਕਾਰਨੀ ਅਤੇ ਟਰੰਪ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰਕ ਸਬੰਧ ਦੋਵਾਂ ਪਾਸਿਆਂ ਲਈ ਮਹੱਤਵਪੂਰਨ ਹਨ। ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਟੈਰਿਫਾਂ ਨੂੰ ਲੈ ਕੇ ਕਾਰਨੀ ਨਾਲ ਫ਼ੋਨ ‘ਤੇ ਗੱਲਬਾਤ ਕਰਦੇ ਰਹੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਵਪਾਰਕ ਸਮਝੌਤੇ ‘ਤੇ ਪਹੁੰਚਣ ਅਤੇ ਟੈਰਿਫ਼ਾਂ ਨੂੰ ਹਟਾਉਣ ਬਾਬਤ ਪ੍ਰਾਈਵੇਟ ਵਿਚ ਵਿਚਾਰ-ਚਟਾਂਦਰੇ ਕਰ ਰਹੇ ਹਨ।

ਸੀਬੀਸੀ/ਰੇਡੀਓ-ਕੈਨੇਡਾ ਦੇ ਸੂਤਰਾਂ ਨੇ ਪਹਿਲਾਂ ਇਸ ਗੱਲਬਾਤ ਦੀ ਪੁਸ਼ਟੀ ਕੀਤੀ, ਅਤੇ ਬਾਅਦ ਵਿੱਚ ਉਦਯੋਗ ਮੰਤਰੀ ਮੈਲੇਨੀ ਜੋਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਰਨੀ ਅਤੇ ਟਰੰਪ ਆਪਸ ਵਿੱਚ ਸੰਪਰਕ ਵਿੱਚ ਹਨ।

ਇੱਕ ਸੂਤਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਦੋਹਾਂ ਨੇ ਪਿਛਲੇ ਮਹੀਨੇ ਕਾਰਨੀ ਦੀ ਵ੍ਹਾਈਟ ਹਾਉਸ ਯਾਤਰਾ ਤੋਂ ਬਾਅਦ ਕਈ ਵਾਰ ਰਾਤ ਨੂੰ ਫੋਨ ‘ਤੇ ਗੱਲ ਕੀਤੀ ਅਤੇ ਟੈਕਸਟ ਮੈਸੇਜਾਂ ਦਾ ਵੀ ਆਦਾਨ-ਪ੍ਰਦਾਨ ਹੋਇਆ।

ਹੁਣ ਤੱਕ ਕਾਰਨੀ ਅਤੇ ਟਰੰਪ ਵਿਚਾਲੇ ਹੋਈਆਂ ਗੱਲਬਾਤਾਂ ਬਾਰੇ ਕੋਈ ਸਰਕਾਰੀ ਜਾਰੀ ਬਿਆਨ ਜਾਂ ਰੀਡਆਉਟ ਨਹੀਂ ਆਇਆ ਹੈ।

ਸੂਤਰਾਂ ਮੁਤਾਬਕ, ਇਹ ਚਰਚਾਵਾਂ ਅਮਰੀਕਾ ਵੱਲੋਂ ਕੈਨੇਡਾ ਖਿਲਾਫ਼ ਚਲਾਈ ਗਈ ਵਪਾਰਕ ਲੜਾਈ ਦਾ ਹੱਲ ਕੱਢਣ ਵਾਸਤੇ ਕੀਤੀਆਂ ਜਾ ਰਹੀਆਂ ਹਨ।
ਕਾਰਨੀ ਅਤੇ ਟਰੰਪ ਨੇ ਪਹਿਲਾਂ ਵੀ ਇਹ ਇੱਛਾ ਜਤਾਈ ਸੀ ਕਿ ਉਹ ਇਕ ਨਵਾਂ ਆਰਥਿਕ ਅਤੇ ਸੁਰੱਖਿਆ ਸਮਝੌਤਾ ਕਰਨਾ ਚਾਹੁੰਦੇ ਹਨ। ਪਰ ਇਸ ਹਫ਼ਤੇ ਦੀ ਸ਼ੁਰੂਆਤ ‘ਚ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਜਦੋਂ ਟਰੰਪ ਨੇ ਸਟੀਲ ਅਤੇ ਐਲੂਮਿਨਮ ਦੀ ਆਮਦ ‘ਤੇ ਲੱਗੇ ਟੈਰਿਫ਼ 25% ਤੋਂ ਵਧਾ ਕੇ 50% ਕਰ ਦਿੱਤੇ।

ਇਹ ਵਾਧੂ ਟੈਰਿਫ਼ ਕੈਨੇਡੀਅਨ ਉਦਯੋਗਾਂ ਲਈ ਵੱਡਾ ਝਟਕਾ ਹਨ ਕਿਉਂਕਿ ਕੈਨੇਡਾ ਅਮਰੀਕਾ ਲਈ ਸਭ ਤੋਂ ਵੱਡਾ ਸਟੀਲ ਅਤੇ ਐਲੂਮੀਨਮ ਸਪਲਾਇਰ ਹੈ।
ਬੁੱਧਵਾਰ ਨੂੰ, ਕਾਰਨੀ ਨੇ ਸਿਰਫ਼ ਇਨਾ ਕਿਹਾ ਸੀ ਕਿ ਗੰਭੀਰ ਚਰਚਾਵਾਂ ਚੱਲ ਰਹੀਆਂ ਹਨ ਅਤੇ ਜੇ ਅਮਰੀਕਾ ਨਾਲ ਵਾਰਤਾਵਾਂ ਫੇਲ੍ਹ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਸਰਕਾਰ ਜਵਾਬੀ ਕਦਮ ਚੁੱਕਣ ਲਈ ਤਿਆਰ ਹੈ।

ਸੀਬੀਸੀ/ਰੇਡੀਓ-ਕੈਨੇਡਾ ਦੇ ਸੂਤਰਾਂ ਨੇ ਦੱਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 10 ਦਿਨਾਂ ਵਿੱਚ ਐਲਬਰਟਾ ਵਿੱਚ ਹੋਣ ਵਾਲੇ ਜੀ-7 ਸੰਮੇਲਨ ਤੋਂ ਪਹਿਲਾਂ ਟਰੰਪ ਅਤੇ ਕਾਰਨੀ ਕਿਸੇ ਤਰ੍ਹਾਂ ਦੇ ਵਪਾਰਕ ਸਮਝੌਤੇ ‘ਤੇ ਪਹੁੰਚ ਜਾਣਗੇ।

ਵੀਰਵਾਰ ਨੂੰ ਜਦੋਂ ਪੁੱਛਿਆ ਗਿਆ ਕਿ ਦੋਹਾਂ ਪਾਸਿਆਂ ਵਿਚਾਲੇ ਸਮਝੌਤਾ ਕਿੰਨੇ ਨੇੜੇ ਹੈ, ਤਾਂ ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੌਨਿਮਿਕ ਲੇਬਲਾਂ ਨੇ ਕਿਹਾ ਕਿ ਉਹ ਇਸ ‘ਤੇ ਜਨਤਕ ਤੌਰ ‘ਤੇ ਗੱਲ ਨਹੀਂ ਕਰਨਗੇ।

ਫ਼੍ਰੈਂਚ ਵਿੱਚ ਗੱਲ ਕਰਦਿਆਂ ਮੰਤਰੀ ਮੈਲੇਨੀ ਜੋਲੀ ਨੇ ਪੁਸ਼ਟੀ ਕੀਤੀ ਕਿ ਚਰਚਾਵਾਂ ਹੋ ਰਹੀਆਂ ਹਨ ਅਤੇ ਕਿਹਾ ਕਿ ਵਪਾਰਕ ਝਗੜੇ ਦੌਰਾਨ ਕੂਟਨੀਤਕ ਸੰਪਰਕ ਆਮ ਗੱਲ ਹੁੰਦੀ ਹੈ।

ਜੋਲੀ ਨੇ ਕਿਹਾ, ਅਸੀਂ ਜਨਤਕ ਤੌਰ ‘ਤੇ ਗੱਲਬਾਤ ਨਹੀਂ ਕਰਾਂਗੇ। ਅਸੀਂ ਪ੍ਰਧਾਨ ਮੰਤਰੀ ਨੂੰ ਆਪਣਾ ਕੰਮ ਕਰਨ ਦੇਵਾਂਗੇ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਟਰੰਪ ਦੇ ਕੈਨੇਡਾ ਵਿੱਚ ਰਾਜਦੂਤ ਪੀਟ ਹੋਕਸਟਰਾ ਨੇ ਟੋਰੌਂਟੋ ਵਿੱਚ ਇਕ ਸਮੂਹ ਨੂੰ ਦੱਸਿਆ ਕਿ ਇਹ ਵਪਾਰਕ ਸਮਝੌਤਾ ਅਮਰੀਕੀ ਸਰਕਾਰ ਦੇ ਸਭ ਤੋਂ ਉੱਚੇ ਪੱਧਰ ਤੇ ਤੈਅ ਹੋ ਰਿਹਾ ਹੈ।

ਕਾਰਨੀ ਅਤੇ ਟਰੰਪ ਵਿਚਾਲੇ ਇਹ ਸਿੱਧੀਆਂ ਚਰਚਾਵਾਂ ਸਭ ਤੋਂ ਪਹਿਲਾਂ The Globe and Mail ਨੇ ਰਿਪੋਰਟ ਕੀਤੀਆਂ ਸਨ।

By Rajeev Sharma

Leave a Reply

Your email address will not be published. Required fields are marked *