ਮਸ਼ਹੂਰ ਰੈਸਲਿੰਗ ਸਟਾਰ ਹਲਕ ਹੌਗਨ ਦਾ 71 ਸਾਲ ਦੀ ਉਮਰ ਵਿਚ ਦੇਹਾਂਤ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਰੈਸਲਿੰਗ ਸਟਾਰ ਹਲਕ ਹੌਗਨ ਵੀਰਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਹਲਕ 71 ਸਾਲ ਦੇ ਸਨ।

ਫ਼ਲੋਰਿਡਾ ਦੇ ਕਲੀਅਰਵਾਟਰ ਸ਼ਹਿਰ ਦੀ ਪੁਲਿਸ ਅਤੇ ਫਾਇਰ ਵਿਭਾਗ ਦੇ ਬਿਆਨ ਅਨੁਸਾਰ, ਸਵੇਰੇ ਕਰੀਬ 10 ਵਜੇ ਉਹਨਾਂ ਨੂੰ ਇੱਕ ਮੈਡੀਕਲ ਸਥਿਤੀ ਬਾਬਤ ਕਾਲ ਆਈ ਸੀ, ਜਿਸ ਵਿਚ ਦਿਲ ਦੇ ਦੌਰੇ ਦਾ ਜ਼ਿਕਰ ਕੀਤਾ ਗਿਆ ਸੀ। 

ਹੌਗਨ ਨੂੰ ਮੌਕੇ ‘ਤੇ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪਹੁੰਚ ਕੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹੌਗਨ ਦੀ ਮੈਨੇਜਰ, ਲਿੰਡਾ ਬੋਸ ਨੇ ਸੀਬੀਸੀ ਨਿਊਜ਼ ਨੂੰ ਇੱਕ ਈਮੇਲ ਵਿਚ ਹੌਗਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਵਰਲਡ ਰੈਸਲਿੰਗ ਐਨਟਰਟੇਨਮੈਂਟ (WWE) ਨੇ ਇੱਕ ਬਿਆਨ ਵਿਚ ਕਿਹਾ, WWE ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ WWE ਹਾਲ ਆਫ ਫੇਮਰ ਹਲਕ ਹੌਗਨ ਦਾ ਦੇਹਾਂਤ ਹੋ ਗਿਆ ਹੈ। ਪੌਪ ਕਲਚਰ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ, ਹੌਗਨ ਨੇ 1980 ਦੇ ਦਹਾਕੇ ਵਿੱਚ WWE ਨੂੰ ਗਲੋਬਲ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ। WWE, ਹੌਗਨ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ

ਹੌਗਨ ਦਾ ਅਸਲੀ ਨਾਮ ਟੈਰੀ ਬੌਲੀ ਸੀ। ਉਹਨਾਂ ਨੇ 1970 ਦੇ ਦਹਾਕੇ ਵਿਚ ਰੈਸਲਿੰਗ ਸ਼ੁਰੂ ਕੀਤੀ ਸੀ। 1984 ਵਿੱਚ ਉਹਨਾਂ ਦੀ ਪ੍ਰਸਿੱਧੀ ਉਸ ਸਮੇਂ ਵਧੀ ਜਦੋਂ ਉਹਨਾਂ ਨੇ ਆਇਰਨ ਸ਼ੇਖ ਨੂੰ ਹਰਾ ਕੇ ਉਸ ਸਮੇਂ ਵਰਲਡ ਰੈਸਲਿੰਗ ਫੈਡਰੇਸ਼ਨ ਕਹੇ ਜਾਣ ਵਾਲੇ ਅਦਾਰੇ ਦੀ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਸੀ।

ਹੌਗਨ ਪਿਛਲੇ ਸਾਲ ਸੁਰਖ਼ੀਆਂ ਵਿੱਚ ਆਏ ਸਨ ਜਦੋਂ ਉਹਨਾਂ ਨੇ ਦੂਸਰੀ ਵਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਡੌਨਲਡ ਟਰੰਪ ਦਾ ਸਮਰਥਨ ਕੀਤਾ ਸੀ। ਹੌਗਨ ਨੇ ਟਰੰਪ ਨੂੰ ਆਪਣਾ ਹੀਰੋ ਕਿਹਾ ਸੀ ਅਤੇ ਆਪਣੀ ਸ਼ਰਟ ਉਤਾਰ ਕੇ ਅੰਦਰੋਂ ਟਰੰਪ-ਵੈਂਸ ਵਾਲੀ ਸ਼ਰਟ ਦਿਖਾਈ ਸੀ।

By Rajeev Sharma

Leave a Reply

Your email address will not be published. Required fields are marked *