ਡੋਨਾਲਡ ਟਰੰਪ ਨੇ ਰੁਕਵਾਈ ਜੰਗ ਜਾਂ ਭਾਰਤ ਨੇ ਆਪਣੀ ਰਣਨੀਤਿਕ ਮਰਜ਼ੀ ਨਾਲ ਖਿੱਚੀ ਲਕੀਰ?
ਕਿਰਾਣਾ ਹਿੱਲਜ਼ ਤੇ ਹਮਲੇ ਦੀ ਆਖਿਰ ਸੱਚਾਈ ਕੀ ਹੈ?
ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ, (ਕਰਨਵੀਰ ਸਿੰਘ) : 10 ਮਈ, 2025 ਨੂੰ ਜਦੋਂ ਭਾਰਤ-ਪਾਕਿਸਤਾਨ ਨੇ ਸੀਜ਼ਫਾਇਰ ਦਾ ਐਲਾਨ ਕੀਤਾ, ਤਾਂ ਦੋਹਾਂ ਦੇਸ਼ਾਂ ਦੀ ਸਰਹੱਦਾਂ ਉੱਤੇ ਚੁੱਪੀ ਛਾ ਗਈ ਨਾਲ ਹੀ ਆਮ ਲੋਕਾਂ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਜਾਗ ਗਈ। ਪਰ ਨਾਲ ਹੀ ਮਨਾਂ ਵਿੱਚ ਸਵਾਲਾਂ ਦੀ ਗੂੰਜ ਹੋਣੀ ਵੀ ਸ਼ੁਰੂ ਹੋ ਗਈ:
ਕੀ ਭਾਰਤ ਜਦੋਂ ਜਿੱਤਣ ਦੀ ਤਾਦਾਦ ਤੇ ਸੀ ਤੇ ਦੁਸ਼ਮਣ ਉੱਤੇ ਭਾਰੂ ਪੈ ਰਿਹਾ ਸੀ ‘ਤੇ ਅਚਾਨਕ ਜੰਗ ਕਿਉਂ ਰੋਕੀ?
ਕੀ ਟਰੰਪ ਨੇ ਅਸਲ ਵਿੱਚ ਦਖ਼ਲ ਦਿੱਤਾ?
ਤੇ ਕੀ ਕਿਰਾਣਾ ਹਿੱਲਜ਼ ਉੱਤੇ ਹਮਲੇ ਦੀਆਂ ਖ਼ਬਰਾਂ ਸੱਚ ਸਨ ਜਾਂ ਨਵੀਂ ਪੀੜ੍ਹੀ ਦੀਆਂ ਨਿਊਜ਼ ਮੈਨਿਪੂਲੇਸ਼ਨ ਅਭਿਆਨਾਂ ਦਾ ਹਿੱਸਾ?
ਆਓ, ਸਭ ਚੀਜਾਂ ਨੂੰ ਅਸਾਨੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ!
ਜੰਗ ਦਾ ਪਿਛੋਕੜ: ਹਮਲਾ ਪਹਿਲਗਾਮਗਾਮ ‘ਚ, ਗੂੰਜ ਸਰਗੋਧਾ ਤਕ
22 ਅਪ੍ਰੈਲ ਨੂੰ ਪਹਿਲਗਾਮ ‘ਚ ਹੋਏ ਆਤੰਕਵਾਦੀ ਹਮਲੇ ‘ਚ 26 ਨਿਰਦੋਸ਼ ਯਾਤਰੀ ਮਾਰੇ ਗਏ। ਇਨ੍ਹਾਂ ਦੀਆਂ ਲਾਸ਼ਾਂ ਨਾਲ ਭਾਰਤੀ ਜਨਤਾ ਦਰਦ ਨਾਲ ਭਰ ਗਈ ਤੇ ਗੁੱਸੇ ਨਾਲ ਵੀ। ਜਿਸਤੋਂ ਬਾਅਦ ਆਤੰਕਵਾਦ ਦਾ ਖਾਤਮਾ ਕਰਨ ਲਈ ਭਾਰਤ ਨੇ 7 ਮਈ ਨੂੰ “ਓਪਰੇਸ਼ਨ ਸਿੰਦੂਰ” ਚਲਾਇਆ, ਜਿਸ ‘ਚ POK ਅਤੇ ਪਾਕਿਸਤਾਨ ਵਿੱਚ ਆਤੰਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਜਵਾਬੀ ਹਮਲੇ ਨੇ ਇੱਕ ਗੱਲ ਸਾਫ਼ ਕਰ ਦਿੱਤੀ ਸੀ ਕਿ ਇਸ ਵਾਰੀ ਭਾਰਤ ਸਿਰਫ ਸ਼ਬਦਾਂ ਨਾਲ ਨਹੀਂ, ਕਾਰਵਾਈ ਨਾਲ ਗੱਲ ਕਰ ਰਿਹਾ ਸੀ ਤੇ ਆਤੰਕਵਾਦੀਆਂ ਨੂੰ ਕਿਸੇ ਵੀ ਹਾਲਤ ਚ ਹੁਣ ਬਖਸ਼ਿਆ ਨਹੀਂ ਜਾਵੇਗਾ। ਜਿਸਤੋਂ ਬਾਅਦ ਭਾਰਤੀ ਸੈਨਾ ਨੇ ਕਈ ਆਤੰਕਵਾਦੀ ਟਿਕਾਣਿਆਂ ਤੇ ਹੱਲਾ ਬੋਲਿਆ ਤੇ ਸਭ ਕੁਝ ‘ਨਿਸਤੋ ਨਾਬੂਤ’ ਕਰ ਦਿੱਤਾ। ਪਰ ਅਫ਼ਸੋਸ ਦੀ ਗੱਲ ਇਹ ਸੁਣਕੇ ਪਾਕਿਸਤਾਨ ਨੇ ਇਹ ਹਮਲਾ ਆਪਣੇ ਉੱਤੇ ਸਮਝ ਲਿਆ ਤੇ ਭਾਰਤ ਨਾਲ ਖੜ੍ਹਨ ਦੀ ਬਜਾਏ ਆਤੰਕਵਾਦੀਆਂ ਨਾਲ ਖੜਨਾ ਬਿਹਤਰ ਸਮਝਿਆ ਤੇ ਅਚਨਚੇਤ ਹਮਲਾ ਭਾਰਤ ਤੇ ਕੀਤਾ ਪਰ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮ ਰਹੀ ਤੇ ਆਪਣਾ ਖ਼ਾਸਾ ਨੁਕਸਾਨ ਭਾਰਤੀ ਫ਼ੌਜ ਵੱਲੋਂ ਕਰਵਾ ਬੈਠੇ।
ਕਿਰਾਣਾ ਹਿੱਲਜ਼ ਹਮਲੇ ਦੀ ਹਕੀਕਤ
ਜਦੋਂ ਸੋਸ਼ਲ ਮੀਡੀਆ ਤੇ ਚੈਨਲਾਂ ‘ਤੇ ਇਹ ਆਇਆ ਕਿ ਭਾਰਤ ਨੇ ਕਿਰਾਣਾ ਹਿੱਲਜ਼, ਇੱਕ ਪਾਕਿਸਤਾਨੀ ਪਰਮਾਣੂ ਠਿਕਾਣਾ, ‘ਤੇ ਹਮਲਾ ਕਰ ਦਿੱਤਾ ਤਾਂ ਸਾਰੇ ਪਾਸੇ ਅੱਲਗ ਅਲੱਗ ਪ੍ਰਤੀਕਿਰਿਆਵਾਂ ਦਾ ਹੜ ਆ ਗਿਆ।
ਪਰ ਭਾਰਤ ਨੇ ਇਹ ਖ਼ਬਰ ਤੁਰੰਤ ਖੰਡਨ ਕਰ ਦਿੱਤੀ ਤੇ ਜਾਣਕਾਰੀ ਦਿੱਤੀ ਗਈ ਕਿ ਕੋਈ ਐਸੀ ਕਾਰਵਾਈ ਨਹੀਂ ਹੋਈ, ਤੇ ਨਾ ਹੀ ਇਸ ਦੀ ਕੋਈ ਪ੍ਰਮਾਣਿਕਤਾ ਸਾਬਤ ਹੋਈ।
ਸਵਾਲ ਇਹ ਨਹੀਂ ਕਿ ਕਿਰਾਣਾ ਹਿੱਲਜ਼ ‘ਤੇ ਹਮਲਾ ਹੋਇਆ ਜਾਂ ਨਹੀਂ।
ਸਵਾਲ ਇਹ ਹੈ ਕਿ ਇਹ ਖ਼ਬਰ ਕਿਉਂ ਅਤੇ ਕਿਵੇਂ ਚਲਾਈ ਗਈ?
ਇਹ ਸਮਝਣ ਲਈ ਅਸੀਂ ਨਵੀਂ ਰਣਨੀਤਿਕ ਪੱਧਰ ‘ਤੇ ਚੱਲ ਰਹੀ “ਨੈਰੈਟਿਵ ਦੀ ਜੰਗ” ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਿਸ ਤਰ੍ਹਾਂ ਲੋਕਾਂ ਨੂੰ ਉਲਝਾਇਆ ਜਾਂਦਾ ਹੈ। ਪਰ ਨਾਲ ਹੀ ਇਸ ਖ਼ਬਰ ਨੂੰ ਨਜ਼ਰਅੰਦਾਜ਼ ਵੀ ਨਹੀਂ ਕਰ ਸਕਦੇ ਕਿਉਕਿ ਜਿਸ ਦਿਨ ਸੀਜ਼ਫਾਇਰ ਹੋਇਆ, ਉਸ ਦਿਨ ਖ਼ਾਸ ਪ੍ਰਮਾਣੂ ਮਾਹਿਰਾਂ ਦੀਆਂ ਟੀਮਾਂ ਵੀ ਕਿਰਾਨਾ ਹਿਲਸ ਤੇ ਦੇਖੀਆਂ ਗਈਆਂ, ਜਿਸ ਤੋਂ ਆਸਾਰ ਲਗਾਇਆ ਜਾ ਸਕਦਾ ਹੈ ਕਿ ਆਖਿਰ ਕੁਝ ਨਾ ਕੁਝ ਤਾਂ ਗੜਬੜ ਹੈ।
ਡੋਨਾਲਡ ਟਰੰਪ ਦੀ ਭੂਮਿਕਾ: ਦਾਅਵਾ ਵੱਡਾ, ਭਾਰਤ ਚੁੱਪ
ਟ੍ਰੰਪ ਨੇ ਅਮਰੀਕੀ ਰਾਸ਼ਟਰਪਤੀ ਹੋਣ ਦੇ ਨਾਤੇ ਕਿਹਾ ਕਿ,
“ਮੇਰੀ ਮੱਧਸਥਤਾ ਨਾਲ ਹੀ ਸੀਜ਼ਫਾਇਰ ਹੋਇਆ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਦੋਨਾਂ ਦੇਸ਼ਾਂ ਨੂੰ ਕਿਹਾ ਕਿ ਜੇਕਰ ਤੁਸੀਂ ਨਹੀਂ ਮੰਨੇ ਤਾਂ ਮੈਂ ਤੁਹਾਡੇ ਨਾਲ ਕੋਈ ਵਪਾਰਕ ਗਤੀਵਿਧੀਆ ਨਹੀਂ ਕਰਾਂਗਾ, ਜਿਸਤੋਂ ਬਾਅਦ ਦੋਨੋ ਦੇਸ਼ ਸਹਿਮਤ ਹੋ ਗਏ।
ਪਰ ਇਸ ਉੱਤੇ ਭਾਰਤ ਨੇ ਇੱਕ ਵੀ ਵਾਰ ਟਰੰਪ ਦੀ ਭੂਮਿਕਾ ਦਾ ਨਾਂ ਨਹੀਂ ਲਿਆ। ਨਾ ਭਾਰਤ ਦੇ ਵਿਦੇਸ਼ ਮੰਤਰੀ ਨੇ, ਨਾ ਰੱਖਿਆ ਮੰਤਰਾਲੇ ਨੇ ਕਿਸੇ ਨੇ ਵੀ ਉਨ੍ਹਾਂ ਦੇ ਦਾਅਵਿਆਂ ਨੂੰ ਨਾਂ ਤਾਂ ਮਨਿਆ ਤੇ ਨਾ ਹੀ ਖੰਡਨ ਕੀਤਾ।
ਕੀ ਭਾਰਤ ਚੁੱਪ ਰਹਿ ਕੇ ਸੰਕੇਤ ਦੇ ਰਿਹਾ ਹੈ ਕਿ ਉਹ ਕਿਸੇ ਤੀਜੇ ਪੱਖ ਦੀ ਭੂਮਿਕਾ ਨੂੰ ਮਾਨਤਾ ਨਹੀਂ ਦੇ ਰਿਹਾ?
ਜਾਂ ਕੀ ਇਹ ਚੁੱਪੀ ਵੀ ਇੱਕ ਰਣਨੀਤਿਕ ਮੌਨ ਹੈ?
ਜੋ ਕਈ ਸਵਾਲ ਖੜੇ ਕਰਦੀ ਹੈ।
ਭਾਰਤ ਸੀਜ਼ਫਾਇਰ ਲਈ ਕਿਉਂ ਤਿਆਰ ਹੋਇਆ, ਜਦ ਉਹ ਜਿੱਤ ਦੀ ਕਾਗਾਰ ਤੇ ਸੀ?
ਇਹ ਸਵਾਲ ਵੀ ਬਹੁਤ ਲੋਕਾਂ ਨੇ ਚੁੱਕਿਆ
ਸ਼ਾਇਦ ਭਾਰਤ ਨੂੰ ਜੋ ਚਾਹੀਦਾ ਸੀ, ਉਹ ਹਾਸਲ ਕਰ ਲਿਆ ਸੀ।
ਆਤੰਕੀ ਢਾਂਚਿਆਂ ਦੀ ਤਬਾਹੀ, ਸਰਗੋਧਾ ਤੱਕ ਸੰਦੇਸ਼, ਰਣਨੀਤਿਕ ਮਾਨਤਾ।
ਅੰਤਰਰਾਸ਼ਟਰੀ ਦਬਾਅ ਵਧ ਰਿਹਾ ਸੀ।
UN, ਅਮਰੀਕਾ, ਯੂਕੇ, ਸਾਊਦੀ ਅਰਬ ਵਰਗੇ ਦੇਸ਼ ਰਾਤ-ਦਿਨ ਦੋਹਾਂ ਪੱਖਾਂ ਨਾਲ ਸੰਪਰਕ ਵਿੱਚ ਸਨ। ਪਰਮਾਣੂ ਜੰਗ ਦਾ ਸਾਇਆ ਖੜਕ ਚੁੱਕਾ ਸੀ।
ਲੰਬੀ ਜੰਗ ਦੇ ਖ਼ਰਚੇ ਅਤੇ ਸਥਿਰਤਾ ਦੀ ਲੋੜ।
ਕੀ ਸੀਜ਼ਫਾਇਰ ਭਾਰਤ ਦੀ ਜਿੱਤ ਸੀ ਜਾਂ ਅਧੂਰੀ ਲੜਾਈ?
ਇਸ ਪੂਰੇ ਘਟਨਾ-ਚੱਕਰ ਨੇ ਸਾਨੂੰ ਇੱਕ ਗੱਲ ਸਿਖਾਈ:
ਜਿੱਤ ਸਿਰਫ ਜ਼ਮੀਨ ਦੀ ਨਹੀਂ ਹੁੰਦੀ, ਨੈਰੈਟਿਵ ਦੀ ਵੀ ਹੁੰਦੀ ਹੈ।
ਭਾਰਤ ਨੇ ਇੱਕ ਐਸਾ ਸੰਦੇਸ਼ ਦਿੱਤਾ ਕਿ ਉਹ ਕਦਮ ਚੁੱਕਣ ਦੀ ਤਾਕਤ ਵੀ ਰੱਖਦਾ ਹੈ ਤੇ ਵਾਪਸ ਮੋੜਨ ਦੀ ਸਮਝਦਾਰੀ ਵੀ।
ਇਸ ਸੀਜ਼ਫਾਇਰ ਨੇ ਭਾਰਤ ਨੂੰ ਕੂਟਨੀਤਿਕ ਮੋਰਚੇ ‘ਤੇ ਵੀ ਉੱਚਾ ਕਰ ਦਿੱਤਾ । ਉੱਥੇ ਜਿੱਥੇ ਜਿੱਤ ਕਾਗਜ਼ਾਂ ‘ਤੇ ਨਹੀਂ, ਸੰਕੇਤਾਂ ਅਤੇ ਨੈਰੈਟਿਵਾਂ ‘ਤੇ ਹੁੰਦੀ ਹੈ।
ਅੰਤ ਵਿੱਚ, ਇਹ ਸੀਜ਼ਫਾਇਰ ਭਾਵੇਂ ਗੋਲੀਆਂ ਦੀ ਚੁੱਪੀ ਲੈ ਕੇ ਆਇਆ, ਪਰ ਸਵਾਲਾਂ ਦੀ ਗੂੰਜ ਲੰਬੇ ਸਮੇਂ ਤੱਕ ਰਹੇਗੀ।
ਅਸਲ ਜੰਗ ਕਦੋਂ ਸੀ ਤੇ ਕੌਣ ਜਿੱਤਿਆ ਇਹ ਇਤਿਹਾਸ ਦੇ ਪੰਨੇ ਨਹੀਂ, ਭਵਿੱਖ ਦੀ ਨੈਰੈਟਿਵ-ਬਿਲਡਿੰਗ ਦੱਸੇਗੀ ਤੇ ਹਰ ਕੋਈ ਇਸਨੂੰ ਆਪਣੇ ਹਿਸਾਬ ਨਾਲ ਸਮਝੇਗਾ।
