ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੀਡਨ ਦੇ ਗੋਥੇਨਬਰਗ ਪਹੁੰਚ ਕੇ ਭਾਰਤ ਅਤੇ ਸਵੀਡਨ ਦਰਮਿਆਨ ਦੋਸਤਾਨਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜਤਾਈ ਹੈ। ਇਹ ਦੌਰਾ ਭਾਰਤ-ਨੈਦਰਲੈਂਡ ਯਾਤਰਾ ਤੋਂ ਬਾਅਦ ਹੋਇਆ ਹੈ, ਜਿੱਥੇ ਉਨ੍ਹਾਂ ਨੇ ਡੱਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ, ਰਾਜ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਭਾਈਚਾਰੇ ਨਾਲ ਵੀ ਸੰਵਾਦ ਕੀਤਾ ਸੀ।
ਸਵੀਡਨ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਵੀਡਿਸ਼ ਸਮਕਾਲੀ ਉਲਫ਼ ਕ੍ਰਿਸਟਰਸਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਹਵਾਈ ਅੱਡੇ ‘ਤੇ ਖੁਦ ਸਵਾਗਤ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਉਹ ਇਸ ਦਿਲੋਂ ਕੀਤੇ ਗਏ ਸਵਾਗਤ ਲਈ ਆਭਾਰੀ ਹਨ ਅਤੇ ਦੋਨਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹਨ।
ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਇਸ ਦੌਰੇ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਸਵੀਡਨ ਭਾਰਤ ਦਾ ਇਕ ਅਹਿਮ ਸਾਥੀ ਦੇਸ਼ ਹੈ, ਖਾਸ ਕਰਕੇ ਤਕਨਾਲੋਜੀ, ਨਵੀਨਤਾ, ਸਸਤੇਨਬਿਲਿਟੀ ਅਤੇ ਰਿਸਰਚ ਐਂਡ ਡਿਵੈਲਪਮੈਂਟ ਦੇ ਖੇਤਰਾਂ ਵਿੱਚ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਨਵੀਂ ਰਫ਼ਤਾਰ ਦੇਵੇਗਾ।
ਪ੍ਰਧਾਨ ਮੰਤਰੀ ਮੋਦੀ ਦੀ ਆਮਦ ਦੌਰਾਨ ਇੱਕ ਖਾਸ ਪਲ ਵੀ ਦੇਖਣ ਨੂੰ ਮਿਲਿਆ ਜਦੋਂ ਸਵੀਡਨ ਦੇ ਗ੍ਰਿਪਨ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਵਿਮਾਨ ਨੂੰ ਹਵਾਈ ਸੁਰੱਖਿਆ ਸਹਾਇਤਾ ਦਿੱਤੀ। ਇਸਨੂੰ ਦੋਨਾਂ ਦੇਸ਼ਾਂ ਦੇ ਮਜ਼ਬੂਤ ਸੁਰੱਖਿਆ ਅਤੇ ਰਣਨੀਤਿਕ ਸਹਿਯੋਗ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ਼ ਕ੍ਰਿਸਟਰਸਨ ਦੋਨਾਂ ਦੇਸ਼ਾਂ ਦੇ ਸੰਬੰਧਾਂ ਦੀ ਪੂਰੀ ਸਮੀਖਿਆ ਕਰਨਗੇ ਅਤੇ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਨਵੇਂ ਮੌਕਿਆਂ ਦੀ ਪੜਤਾਲ ਕਰਨਗੇ। ਦੋਨਾਂ ਦੇਸ਼ਾਂ ਦਰਮਿਆਨ ਵਪਾਰ ਲਗਾਤਾਰ ਵੱਧ ਰਿਹਾ ਹੈ ਅਤੇ ਸਵੀਡਨ ਦੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਨੂੰ ਤੇਜ਼ੀ ਨਾਲ ਵਧਾ ਰਹੀਆਂ ਹਨ।
ਆਧਿਕਾਰਿਕ ਅੰਕੜਿਆਂ ਅਨੁਸਾਰ 2025 ਤੱਕ ਦੋਨਾਂ ਦੇਸ਼ਾਂ ਵਿਚਕਾਰ ਦੁਪੱਖੀ ਵਪਾਰ ਲਗਭਗ 7.75 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸਦੇ ਨਾਲ ਹੀ 2000 ਤੋਂ 2025 ਤੱਕ ਸਵੀਡਨ ਵੱਲੋਂ ਭਾਰਤ ਵਿੱਚ ਕੀਤਾ ਗਿਆ ਵਿਦੇਸ਼ੀ ਨਿਵੇਸ਼ 2.825 ਅਰਬ ਡਾਲਰ ਤੱਕ ਦਰਜ ਕੀਤਾ ਗਿਆ ਹੈ।
ਦੋਨਾਂ ਪ੍ਰਧਾਨ ਮੰਤਰੀ ਯੂਰਪੀ ਰਾਉਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ, ਜਿਸ ਵਿੱਚ ਯੂਰਪ ਦੀਆਂ ਵੱਡੀਆਂ ਕੰਪਨੀਆਂ ਦੇ ਸੀਈਓਜ਼ ਅਤੇ ਉਦਯੋਗਿਕ ਆਗੂ ਸ਼ਾਮਲ ਹੋਣਗੇ। ਇਸ ਮੰਚ ‘ਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡਰ ਲੇਯਨ ਵੀ ਮੌਜੂਦ ਰਹਿਣਗੇ।
ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ 2018 ਵਿੱਚ ਪਹਿਲੇ ਇੰਡੀਆ-ਨੋਰਡਿਕ ਸਮਿੱਟ ਲਈ ਸਵੀਡਨ ਗਏ ਸਨ। ਇਸ ਵਾਰੀ ਦਾ ਦੌਰਾ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਉੱਚ ਪੱਧਰ ‘ਤੇ ਲਿਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਭਾਰਤ ਅਤੇ ਸਵੀਡਨ ਦੋਨਾਂ ਹੀ ਦੇਸ਼ ਤਕਨਾਲੋਜੀ, ਕਲੀਨ ਐਨਰਜੀ, ਡਿਜ਼ੀਟਲ ਇਨੋਵੇਸ਼ਨ ਅਤੇ ਸਸਤੇਨਬਲ ਡਿਵੈਲਪਮੈਂਟ ਦੇ ਖੇਤਰ ਵਿੱਚ ਇਕ ਦੂਜੇ ਨਾਲ ਮਿਲ ਕੇ ਕੰਮ ਕਰਨ ਦੀ ਵੱਡੀ ਸੰਭਾਵਨਾ ਰੱਖਦੇ ਹਨ। ਇਸ ਦੌਰੇ ਨਾਲ ਦੋਨਾਂ ਦੇਸ਼ਾਂ ਦੇ ਰਿਸ਼ਤੇ ਹੋਰ ਗਹਿਰੇ ਅਤੇ ਰਣਨੀਤਿਕ ਬਣਨ ਦੀ ਸੰਭਾਵਨਾ ਹੈ।
