ਨੈਸ਼ਨਲ ਟਾਈਮਜ਼ ਬਿਊਰੋ :- ਸਿੱਧੂ ਮੂਸੇਵਾਲਾ ਦੇ 32ਵੇਂ ਜਨਮ ਦਿਨ ‘ਤੇ ਉਨ੍ਹਾਂ ਦਾ ਨਵਾਂ ਐਲਬਮ “ਮੂਸੇ ਪ੍ਰਿੰਟ” ਰਿਲੀਜ਼ ਹੋਣ ਜਾ ਰਿਹਾ ਹੈ। ਇਸ ਐਲਬਮ ਵਿੱਚ ਤਿੰਨ ਨਵੇਂ ਗੀਤ ਹਨ ਜੋ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ ਰਿਕਾਰਡ ਕੀਤੇ ਸਨ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਇਹ ਐਲਬਮ ਉਨ੍ਹਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਹੈ। ਇਸ ਐਲਬਮ ਦੇ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲਿਆ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮਦਿਨ ਹੈ। ਅੱਜ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸੇ ਪ੍ਰਿੰਟ” ਵੀ ਰਿਲੀਜ਼ ਹੋ ਚੁੱਕਾ ਹੈ। ਇਸ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤਰ ਖੁਦ ਦੇ ਮੇਰੇ ਅਤੇ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦਾ ਮਕਸਦ ਇਹ ਹੈ ਕਿ ਸਿੱਧੂ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਰੁਕ ਨਾ ਜਾਵੇ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਰ ਜਨਮਦਿਨ ‘ਤੇ ਕੁਝ ਨਾ ਕੁਝ ਮਿਲੇ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਸਾਰੇ ਗੀਤ ਜੋ ਰਿਕਾਰਡ ਕੀਤੇ ਗਏ ਹਨ, ਹੌਲੀ-ਹੌਲੀ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਐਲਬਮ ਵਿੱਚ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਉਹ ਮਿਲੇਗਾ ਜੋ ਉਹ ਸਿੱਧੂ ਤੋਂ ਉਹ ਜ਼ਿਉਂਦੇ ਜੀ ਚਾਹੁੰਦੇ ਸਨ।
ਐਲਬਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰ ਹੁਣ ਤੱਕ 1.3 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਐਲਬਮ ਵਿੱਚ 3 ਗਾਣੇ 0008, ਨੇਲਜ਼ ਅਤੇ ਟੇਕ ਨੋਟਸ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
2 ਦਿਨਾਂ ‘ਚ 1.3 ਮਿਲੀਅਨ ਲੋਕਾਂ ਨੇ ਪੋਸਟਰ ਦੇਖਿਆ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਚੌਥਾ ਜਨਮਦਿਨ ਹੈ। ਇਸ ਜਨਮਦਿਨ ‘ਤੇ ਵੀ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਵਜੋਂ ਨਵੇਂ ਗੀਤ ਮਿਲਣਗੇ। ਇਸ ਬਾਰੇ ਜਾਣਕਾਰੀ ਦੇਣ ਲਈ, ਇਸ ਤੋਂ 2 ਦਿਨ ਪਹਿਲਾਂ ਉਨ੍ਹਾਂ ਦੇ ਇੰਸਟਾਗ੍ਰਾਮ ਫੈਨ ਪੇਜ ‘ਤੇ “ਮੂਸੇ ਪ੍ਰਿੰਟ” ਨਾਮ ਦਾ ਇੱਕ ਪੋਸਟਰ ਲਗਾਇਆ ਗਿਆ ਹੈ। ਇਸ ਪੋਸਟਰ ਵਿੱਚ ਸਿੱਧੂ ਮੂਸੇਵਾਲਾ ਨੂੰ ਆਪਣੇ ਅੰਦਾਜ਼ ਵਿੱਚ ਇੱਕ ਸ਼ਾਹੀ ਕੁਰਸੀ ‘ਤੇ ਬੈਠਾ ਦਿਖਾਇਆ ਗਿਆ ਹੈ। ਸਿੱਧੂ ਦੇ ਇਸ ਪੋਸਟਰ ਨੂੰ ਇੰਸਟਾਗ੍ਰਾਮ ‘ਤੇ ਸਿਰਫ਼ 2 ਦਿਨਾਂ ਵਿੱਚ 1.3 ਮਿਲੀਅਨ ਲੋਕਾਂ ਨੇ ਦੇਖਿਆ ਹੈ।
ਵਿਰੋਧੀਆਂ ਨੇ ਡਾਕੂਮੈਂਟਰੀ ਰਿਲੀਜ਼ ਦੀ ਤਾਰੀਖ 11 ਜੂਨ ਰੱਖੀ- ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸ਼ੁਭਦੀਪ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ‘ਤੇ ਬਣੀ ਡਾਕੂਮੈਂਟਰੀ ਦੀ ਰਿਲੀਜ਼ ਵੀ ਰੱਖੀ ਹੈ। ਉਨ੍ਹਾਂ ਕਿਹਾ ਕਿ ਮੈਂ ਲੰਡਨ ਮੀਡੀਆ ਹਾਊਸ ਨੂੰ ਇਸ ਦੀ ਰਿਲੀਜ਼ ਰੋਕਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਇਹ ਨੋਟਿਸ ਡਾਕ ਰਾਹੀਂ ਵੀ ਭੇਜਿਆ ਗਿਆ ਹੈ ਅਤੇ ਰਿਲੀਜ਼ ਰੋਕਣ ਲਈ ਮਾਨਸਾ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਗਈ ਹੈ। ਜੇਕਰ ਉਹ ਫਿਰ ਵੀ ਸ਼ੁਭਦੀਪ ਦੀ ਡਾਕੂਮੈਂਟਰੀ ਰਿਲੀਜ਼ ਕਰਦੇ ਹਨ ਤਾਂ ਫਿਰ ਅਦਾਲਤ ਦਾ ਰੁੱਖ ਕੀਤਾ ਜਾਵੇਗਾ।
ਉਨ੍ਹਾਂ ਦਾ ਕਹਿਣਾ ਹੈ ਇਸ ਡਾਕੁਮੈਂਟਰੀ ਨੂੰ ਲੈ ਕੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ। ਇਸ ਵਿੱਚ ਕੀ ਹੋਵੇਗਾ ਅਸੀਂ ਨਹੀਂ ਜਾਣਦੇ। ਇਸ ਵੇਲੇ ਸਿੱਧੂ ਦਾ ਮਾਮਲਾ ਅਦਾਲਤ ਵਿੱਚ ਹੈ। ਜੇਕਰ ਡਾਕੂਮੈਂਟਰੀ ਵਿੱਚ ਕੁਝ ਇਤਰਾਜ਼ਯੋਗ ਹੁੰਦਾ ਹੈ ਤਾਂ ਅਦਾਲਤੀ ਮੁਕੱਦਮਾ ਪ੍ਰਭਾਵਿਤ ਹੋ ਸਕਦਾ ਹੈ। ਹੁਣ ਤੱਕ ਦੋ ਗਵਾਹੀਆਂ ਹੋ ਚੁੱਕੀਆਂ ਹਨ ਅਤੇ ਮੇਰੀ ਗਵਾਹੀ ਹਾਲੇ ਬਾਕੀ ਹੈ।
