ਕਨੇਡਾ ‘ਚ ਫੜਿਆ ਗਿਆ ਬਾਬਾ ਸਿਦਦੀਕੀ ਕਤਲਕਾਂਡ ਦਾ ਮੁੱਖ ਅਪਰਾਧੀ ਜੀਸ਼ਾਨ ਅਖ਼ਤਰ

ਨੈਸ਼ਨਲ ਟਾਈਮਜ਼ ਬਿਊਰੋ :- ਐਨਸੀਪੀ ਆਗੂ ਬਾਬਾ ਸਿਦੀਕੀ ਦੇ ਕਤਲ ਮਾਮਲੇ ਵਿੱਚ ਮੁੱਖ ਅਪਰਾਧੀ ਜੀਸ਼ਾਨ ਅਖ਼ਤਰ ਨੂੰ ਕਨੇਡਾ ਵਿੱਚ ਡਿਟੇਨ ਕੀਤਾ ਗਿਆ ਹੈ। ਇਹ ਜਾਣਕਾਰੀ ਮੁੰਬਈ ਕਰਾਈਮ ਬ੍ਰਾਂਚ ਦੇ ਸੂਤਰਾਂ ਵੱਲੋਂ ਮਿਲੀ ਹੈ। ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਕਾ ਇਨਪੁੱਟ ਮਿਲਿਆ ਹੈ ਕਿ ਜੀਸ਼ਾਨ ਹੁਣ ਕਨੇਡਾ ਦੀ ਕਸਟਡੀ ਵਿੱਚ ਹੈ।

ਜੀਸ਼ਾਨ ਅਖ਼ਤਰ ਕਤਲ ਦੇ ਦਿਨ ਤੋਂ ਹੀ ਭੱਜਿਆ ਹੋਇਆ ਸੀ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਹ ਦੇਸ਼ ਤੋਂ ਕਿਵੇਂ ਬਾਹਰ ਗਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਨੇ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕੀਤੀ ਹੋਵੇਗੀ।

ਪਿਛਲੇ ਸਾਲ ਅਕਤੂਬਰ ‘ਚ ਹੋਇਆ ਸੀ ਕਤਲ
12 ਅਕਤੂਬਰ 2024 ਨੂੰ ਮੁੰਬਈ ਦੇ ਬਾਂਦਰਾ ਇਲਾਕੇ ‘ਚ ਬਾਬਾ ਸਿਦਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਵਾਕਿਆ ਉਨ੍ਹਾਂ ਦੇ ਪੁੱਤਰ ਦੇ ਦਫ਼ਤਰ ਦੇ ਬਾਹਰ ਵਾਪਰਿਆ। ਹਮਲਾਵਰਾਂ ਵਿੱਚ ਗੁਰਮੇਲ ਸਿੰਘ, ਧਰਮਰਾਜ ਕਸ਼੍ਯਪ ਅਤੇ ਸ਼ਿਵਕੁਮਾਰ ਗੌਤਮ ਸ਼ਾਮਿਲ ਸਨ। ਗੁਰਮੇਲ ਅਤੇ ਧਰਮਰਾਜ ਨੂੰ ਮੌਕੇ ‘ਤੇ ਹੀ ਲੋਕਾਂ ਦੀ ਮਦਦ ਨਾਲ ਫੜ ਲਿਆ ਗਿਆ ਸੀ, ਜਦਕਿ ਸ਼ਿਵਕੁਮਾਰ ਗੌਤਮ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਬਾਅਦ ਵਿੱਚ ਉਸਨੂੰ ਯੂਪੀ ਦੇ ਬਹਰਾਈਚ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪੂਰੇ ਪਲਾਨ ਨਾਲ ਕੀਤੀ ਗਈ ਸੀ ਹੱਤਿਆ
ਜਾਂਚ ਦੌਰਾਨ ਪਤਾ ਲੱਗਿਆ ਕਿ ਹਮਲਾਵਰ ਦੋ ਮਹੀਨੇ ਤੱਕ ਬਾਬਾ ਸਿਦਦੀਕੀ ਦੇ ਘਰ ਅਤੇ ਦਫ਼ਤਰ ਦੀ ਰੇਕੀ ਕਰ ਰਹੇ ਸਨ। ਉਹਨਾਂ ਕੋਲ ਹਥਿਆਰ ਤੇ ਜਿੰਦਾ ਗੋਲੀਆਂ ਸਨ ਅਤੇ ਉਹ ਹਰ ਵੇਲੇ ਹੱਤਿਆ ਲਈ ਤਿਆਰ ਰਹਿੰਦੇ ਸਨ। 12 ਅਕਤੂਬਰ ਦੀ ਰਾਤ, ਉਹਨਾਂ ਨੂੰ ਮੌਕਾ ਮਿਲਿਆ ਅਤੇ ਗੋਲੀਆਂ ਚਲਾਕੇ ਸਿਦੀਕੀ ਦੀ ਹੱਤਿਆ ਕਰ ਦਿੱਤੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਇਸ ਕਤਲ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਗੈਂਗ ਵਲੋਂ ਕਿਹਾ ਗਿਆ ਕਿ ਇਹ ਹੱਤਿਆ ਸਲਮਾਨ ਖਾਨ ਨਾਲ ਬਾਬਾ ਸਿਦਦੀਕੀ ਦੀ ਨੇੜਤਾ ਕਰਕੇ ਕੀਤੀ ਗਈ।

ਮੁੰਬਈ ਕਰਾਈਮ ਬ੍ਰਾਂਚ ਨੇ ਇਸ ਮਾਮਲੇ ‘ਚ ਮਕੋਕਾ ਲਗਾ ਕੇ ਕੁੱਲ 4,590 ਸਫ਼ਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ।

By Rajeev Sharma

Leave a Reply

Your email address will not be published. Required fields are marked *