ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ ‘ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ

ਮੋਗਾ/ਵ੍ਰਿੰਦਾਵਨ(ਗੁਰਪ੍ਰੀਤ ਸਿੰਘ): ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਵਾਪਰੇ ਇੱਕ ਭਿਆਨਕ ਕਿਸ਼ਤੀ ਹਾਦਸੇ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਹੰਸ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ। ਇਸ ਹਾਦਸੇ ਵਿੱਚ ਇੱਕ ਜਨਾਨੀ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੀਆਂ ਦੋ ਹੋਰ ਜਨਾਨੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਵਿਆਹ ਦੀ ਵਰ੍ਹੇਗੰਢ ਦੀਆਂ ਖ਼ੁਸ਼ੀਆਂ ਪਈਆਂ ਫਿੱਕੀਆਂ
ਜਾਣਕਾਰੀ ਅਨੁਸਾਰ, ਮੋਗਾ ਦਾ ਹੰਸ ਪਰਿਵਾਰ ਆਪਣੇ ਰਿਸ਼ਤੇਦਾਰਾਂ ਨਾਲ 9 ਅਪ੍ਰੈਲ ਨੂੰ ਵ੍ਰਿੰਦਾਵਨ ਘੁੰਮਣ ਗਿਆ ਸੀ। ਦੁੱਖ ਦੀ ਗੱਲ ਇਹ ਹੈ ਕਿ 8 ਅਪ੍ਰੈਲ ਨੂੰ ਹੀ ਅਨਿਲ ਹੰਸ ਅਤੇ ਸਪਨਾ ਹੰਸ ਦੇ ਵਿਆਹ ਦੀ ਵਰ੍ਹੇਗੰਢ ਸੀ। ਪਰਿਵਾਰ ਇਸੇ ਖ਼ੁਸ਼ੀ ਨੂੰ ਮਨਾਉਣ ਲਈ ਯਾਤਰਾ ‘ਤੇ ਨਿਕਲਿਆ ਸੀ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਦੋ ਦਿਨਾਂ ਬਾਅਦ ਹੀ ਅਜਿਹੀ ਅਣਹੋਣੀ ਵਾਪਰ ਜਾਵੇਗੀ।

ਕਿਵੇਂ ਵਾਪਰਿਆ ਹਾਦਸਾ?
ਪਰਿਵਾਰਕ ਮੈਂਬਰ ਦੋ ਵੱਖ-ਵੱਖ ਕਿਸ਼ਤੀਆਂ ਵਿੱਚ ਸਵਾਰ ਸਨ। ਪਹਿਲੀ ਕਿਸ਼ਤੀ ਵਿੱਚ ਸਪਨਾ ਹੰਸ, ਰੀਮਾ ਹੰਸ ਅਤੇ ਸਰੋਜ ਰਾਣੀ ਸਵਾਰ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਦੌਰਾਨ ਸਪਨਾ ਹੰਸ (55) ਦੀ ਮੌਤ ਹੋ ਗਈ। ਰੀਮਾ ਅਤੇ ਸਰੋਜ ਰਾਣੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੀ ਕਿਸ਼ਤੀ ਵਿੱਚ ਅਨਿਲ ਹੰਸ ਅਤੇ ਉਨ੍ਹਾਂ ਦੀ ਭਤੀਜੀ ਨੇਹਾ ਹੰਸ ਸਵਾਰ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਪਰਿਵਾਰ ਵਿੱਚ ਸੋਗ ਦੀ ਲਹਿਰ
ਮ੍ਰਿਤਕਾ ਸਪਨਾ ਹੰਸ ਦੇ ਦੇਵਰ ਟਵਿੰਕਲ ਹੰਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਵੀ ਇਸ ਯਾਤਰਾ ‘ਤੇ ਜਾਣ ਵਾਲੇ ਸਨ ਪਰ ਕਿਸੇ ਕਾਰਨ ਨਹੀਂ ਜਾ ਸਕੇ। ਉਨ੍ਹਾਂ ਦੀ ਪਤਨੀ ਅਤੇ ਭਤੀਜੀ ਇਸ ਯਾਤਰਾ ਦਾ ਹਿੱਸਾ ਸਨ। ਸਪਨਾ ਹੰਸ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ ਰਹਿੰਦਾ ਹੈ ਅਤੇ ਦੂਜਾ ਦਿੱਲੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦਿੱਲੀ ਤੋਂ ਬੇਟਾ ਅਤੇ ਮੋਗਾ ਤੋਂ ਹੋਰ ਪਰਿਵਾਰਕ ਮੈਂਬਰ ਵ੍ਰਿੰਦਾਵਨ ਲਈ ਰਵਾਨਾ ਹੋ ਗਏ ਹਨ। ਵ੍ਰਿੰਦਾਵਨ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਨ੍ਹਾਂ ਕਾਰਨਾਂ ਕਰਕੇ ਵਾਪਰਿਆ। ਇਸ ਘਟਨਾ ਤੋਂ ਬਾਅਦ ਪੂਰੇ ਮੋਗਾ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

By Gurpreet Singh

Leave a Reply

Your email address will not be published. Required fields are marked *