ਟਰੰਪ ਨੇ ਦੇ ‘ਤੀ ਚਿਤਾਵਨੀ: ‘ਹੋਰਮੁਜ਼ ਸਟ੍ਰੇਟ’ ਖੁੱਲ੍ਹੇਗਾ ਹੀ ਖੁੱਲ੍ਹੇਗਾ, ਚਾਹੇ ਇਰਾਨ ਸਹਿਯੋਗ ਕਰੇ ਜਾਂ ਨਾ

ਵਾਸ਼ਿੰਗਟਨ (ਰਾਜੀਵ ਸ਼ਰਮਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਮੁੱਦੇ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਦੁਨੀਆ ਦਾ ਅਹਿਮ ਤੇਲ ਮਾਰਗ ‘ਸਟਰੇਟ ਆਫ ਹੋਰਮੁਜ਼’ (Strait of Hormuz) ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਰਸਤਾ “ਆਟੋਮੈਟਿਕ” ਤਰੀਕੇ ਨਾਲ ਖੁੱਲ੍ਹੇਗਾ, ਚਾਹੇ ਇਸ ਵਿੱਚ ਇਰਾਨ ਸਹਿਯੋਗ ਕਰੇ ਜਾਂ ਨਹੀਂ।

ਪਾਕਿਸਤਾਨ ‘ਚ ਹੋਵੇਗੀ ਅਹਿਮ ਬੈਠਕ

ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕੀ ਵਾਰਤਾਕਾਰ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਇਰਾਨੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਤੇਜ਼ੀ ਨਾਲ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਸਾਡੇ ਕੋਲ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਸਮਰੱਥਾ ਹੈ।”

ਪਰਮਾਣੂ ਹਥਿਆਰਾਂ ‘ਤੇ 99% ਫੋਕਸ

ਟਰੰਪ ਨੇ ਕਿਹਾ ਕਿ ਇਰਾਨ ਨਾਲ ਕਿਸੇ ਵੀ ਸਮਝੌਤੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਹਿਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਉਨ੍ਹਾਂ ਮੁਤਾਬਕ, “ਮੇਰੇ ਲਈ 99 ਫੀਸਦੀ ਮੁੱਦਾ ਇਹੀ ਹੈ ਕਿ ਇਰਾਨ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ।”

ਟਰੰਪ ਦਾ ਤਿੱਖਾ ਹਮਲਾ: “ਇਰਾਨ ਕੋਲ ਕੋਈ ਪੱਤਾ ਨਹੀਂ”

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਦਿਆਂ ਟਰੰਪ ਨੇ ਕਿਹਾ, “ਇਰਾਨੀਆਂ ਨੂੰ ਸ਼ਾਇਦ ਅਹਿਸਾਸ ਨਹੀਂ ਹੈ ਕਿ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਵਰਤੋਂ ਕਰਕੇ ਦੁਨੀਆ ਨੂੰ ਥੋੜ੍ਹੇ ਸਮੇਂ ਲਈ ਬਲੈਕਮੇਲ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਤਾਕਤ (ਕਾਰਡ) ਨਹੀਂ ਹੈ। ਉਹ ਅੱਜ ਸਿਰਫ ਗੱਲਬਾਤ ਕਰਨ ਲਈ ਹੀ ਜਿਉਂਦੇ ਹਨ।”

ਜੰਗੀ ਬੇੜੇ ਮੁੜ ਹਮਲੇ ਲਈ ਤਿਆਰ

ਇੱਕ ਇੰਟਰਵਿਊ ਦੌਰਾਨ ਟਰੰਪ ਨੇ ਧਮਕੀ ਦਿੱਤੀ ਕਿ ਅਗਲੇ 24 ਘੰਟਿਆਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕੀ ਜੰਗੀ ਬੇੜਿਆਂ ‘ਤੇ ਹਥਿਆਰ ਮੁੜ ਲੋਡ ਕੀਤੇ ਜਾ ਰਹੇ ਹਨ ਅਤੇ ਜੇਕਰ ਪਾਕਿਸਤਾਨ ਵਿੱਚ ਹੋਣ ਵਾਲੀ ਸ਼ਾਂਤੀ ਵਾਰਤਾ ਅਸਫਲ ਰਹਿੰਦੀ ਹੈ, ਤਾਂ ਇਰਾਨ ‘ਤੇ ਦੁਬਾਰਾ ਹਮਲੇ ਸ਼ੁਰੂ ਕੀਤੇ ਜਾ ਸਕਦੇ ਹਨ। ਦੂਜੇ ਪਾਸੇ, ਇਰਾਨ ਨੇ ਵੀ ਆਪਣੀ ਫੌਜ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ‘ਤੇ ਵਾਰ-ਵਾਰ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਦਰਮਿਆਨ ਲਗਭਗ ਇਕ ਮਹੀਨੇ ਤੋਂ ਚੱਲੀ ਜੰਗ ਤੋਂ ਬਾਅਦ ਫਿਲਹਾਲ ਜੰਗਬੰਦੀ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਸ਼ਾਂਤੀ ਕਾਫੀ ਨਾਜ਼ੁਕ ਹੈ।

By Rajeev Sharma

Leave a Reply

Your email address will not be published. Required fields are marked *