ਗੁਰਪ੍ਰੀਤ ਸਿੰਘ :- ਮਾਛੀਵਾੜਾ ਦੇ ਨੇੜਲੇ ਪਿੰਡ ਸਲਾਣਾ ਬੇਟ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਨੌਜਵਾਨ ਕਿਸਾਨ ਮਨਦੀਪ ਸਿੰਘ (42) ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੀ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਜਦੋਜਹਦ ਕਰ ਰਿਹਾ ਸੀ।
ਪਿੰਡ ਵਾਸੀਆਂ ਮੁਤਾਬਿਕ ਸ਼ਾਟ ਸਰਕਟ ਕਾਰਨ ਖੇਤਾਂ ਵਿੱਚ ਖੜੇ ਨਾੜ ਨੂੰ ਅੱਗ ਲੱਗ ਗਈ, ਜੋ ਤੇਜ਼ੀ ਨਾਲ ਮਨਦੀਪ ਸਿੰਘ ਦੀ ਕਣਕ ਵੱਲ ਵਧ ਰਹੀ ਸੀ। ਕਿਸਾਨ ਨੇ ਤੁਰੰਤ ਟ੍ਰੈਕਟਰ ਲੈ ਕੇ ਹੋਰ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਜਦੋਂ ਉਸਨੇ ਆਪਣੀ ਫਸਲ ਨੂੰ ਅੱਗ ਦੀ ਚਪੇਟ ਵਿੱਚ ਆਉਂਦਿਆਂ ਦੇਖਿਆ ਤਾਂ ਉਹ ਧੂੰਏ ਦੀ ਪਰਵਾਹ ਕੀਤੇ ਬਿਨ੍ਹਾਂ ਅੱਗ ਬੁਝਾਉਣ ਵਿੱਚ ਲੱਗ ਗਿਆ। ਭਾਰੀ ਧੂੰਏ ਅਤੇ ਘਬਰਾਹਟ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਪਿੰਡ ਵਾਸੀਆਂ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮਨਦੀਪ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਵਿਧਵਾ ਮਾਂ ਛੱਡ ਗਿਆ ਹੈ। ਉਸਦੇ ਪਿਤਾ ਦੀ ਮੌਤ ਡੇਢ ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਘਰ ਵਿੱਚ ਮਾਤਮ ਦਾ ਮਾਹੌਲ ਹੈ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੋਂ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕੁਝ ਥਾਵਾਂ ‘ਤੇ ਹਰ ਸਾਲ ਸ਼ਾਟ ਸਰਕਟ ਕਾਰਨ ਅੱਗ ਲੱਗਦੀ ਹੈ, ਜਿਸ ਲਈ ਬਿਜਲੀ ਵਿਭਾਗ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
