ਬਿਕਰਮ ਮਜੀਠੀਆ ਦੀ ਚੁੱਪ ‘ਤੇ ਬਲਤੇਜ ਪੰਨੂ ਦਾ ਤਿੱਖਾ ਤੰਜ, ਕਿਹਾ- ਕਰੀਬੀਆਂ ‘ਤੇ ED ਦੀ ਕਾਰਵਾਈ ਮਗਰੋਂ ਇੰਨਾ ਸਨਾਟਾ ਕਿਉਂ?

ਚੰਡੀਗੜ੍ਹ 13 ਨਵੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਇੱਕ ਕਰੀਬੀ ਦੇ ਟਿਕਾਣਿਆਂ ‘ਤੇ ਈਡੀ ਦੀ ਛਾਪੇਮਾਰੀ ਤੋਂ ਬਾਅਦ ਉਨ੍ਹਾਂ ਦੀ ਚੁੱਪ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਖ਼ੁਦ ਨੂੰ ‘ਮਾਝੇ ਦਾ ਜਰਨੈਲ’ ਕਹਾਉਣ ਵਾਲੇ ਮਜੀਠੀਆ ਕੱਲ੍ਹ ਤੋਂ ਬੇਹੱਦ ਖ਼ਾਮੋਸ਼ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਆਮ ਤੌਰ ‘ਤੇ ਹਰ ਮੁੱਦੇ ‘ਤੇ ਬਿਆਨਬਾਜ਼ੀ ਕਰਨ ਵਾਲੇ ਆਗੂ ਦੀ ਇਹ ਅਚਾਨਕ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ।

ਪੰਨੂ ਨੇ ‘X’ ‘ਤੇ ਲਿਖਿਆ “ਆਪੂੰ ਬਣਿਆ @bsmajithia ਮਾਝੇ ਦਾ ਜਰਨੈਲ ਕੱਲ੍ਹ ਦਾ ਬੜਾ ਚੁੱਪ ਹੈ?ਬੜੀਆਂ ਬਿਮਾਰੀਆਂ ਤੇ ਦਵਾਈਆਂ ਦੱਸਦਾ ਸੀ!CBI ਤੇ ED ਦਾ ਬੁਲਾਰਾ ਬਣਦਾ ਸੀ। ਕੱਲ੍ਹ ਇਹਦੇ ਖਾਸ ਤੇ ED ਦੀ ਰੇਡ ਪਈ ਤੇ ਇਕ ਇਹਦੇ ਖਾਸ ਨੂੰ ED ਦਾ ਸੰਮਣ ਆ ਗਿਆ!ਕੋਈ ਪ੍ਰੈਸ ਕਾਨਫਰੰਸ ਨਹੀਂ, ਕੋਈ ਟਵੀਟ ਨਹੀਂ ਇਤਨਾ ਸਨਾਟਾ ਕਿਉਂ ਹੈ? “

ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਬਿਕਰਮ ਮਜੀਠੀਆ ਅਕਸਰ ਦੂਜਿਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੀਆਂ ਦਵਾਈਆਂ ਦੱਸਣ ਦੇ ਦਾਅਵੇ ਕਰਦੇ ਰਹਿੰਦੇ ਸਨ ਅਤੇ ਕਈ ਵਾਰ ਤਾਂ ਕੇਂਦਰੀ ਜਾਂਚ ਏਜੰਸੀਆਂ ਜਿਵੇਂ ਕਿ ਸੀਬੀਆਈ ਅਤੇ ਈਡੀ ਦੇ ਅਣਐਲਾਨੇ ਬੁਲਾਰੇ ਵਾਂਗ ਵਿਚਰਦੇ ਸਨ। ਜਦੋਂ ਦੂਜੇ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਸੀ ਤਾਂ ਮਜੀਠੀਆ ਤੁਰੰਤ ਪ੍ਰਤੀਕਿਰਿਆ ਦਿੰਦੇ ਸਨ, ਪਰ ਹੁਣ ਸਥਿਤੀ ਬਿਲਕੁਲ ਉਲਟ ਨਜ਼ਰ ਆ ਰਹੀ ਹੈ।

ਪੰਨੂ ਨੇ ਦੱਸਿਆ ਕਿ ਕੱਲ੍ਹ ਮਜੀਠੀਆ ਦੇ ਇੱਕ ਕਰੀਬੀ ਦੇ ਟਿਕਾਣਿਆਂ ‘ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਇੱਕ ਹੋਰ ਖ਼ਾਸ ਸਾਥੀ ਨੂੰ ਈਡੀ ਦਾ ਸੰਮਣ ਜਾਰੀ ਹੋਇਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਨਾ ਤਾਂ ਮਜੀਠੀਆ ਵੱਲੋਂ ਕੋਈ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਨਾ ਹੀ ਕੋਈ ਟਵੀਟ ਸਾਹਮਣੇ ਆਇਆ ਹੈ। ਬਲਤੇਜ ਪੰਨੂ ਨੇ ਤੰਜ ਕੱਸਦਿਆਂ ਪੁੱਛਿਆ ਕਿ ਆਪਣੇ ਕਰੀਬੀਆਂ ‘ਤੇ ਹੋਈ ਇਸ ਕਾਰਵਾਈ ਤੋਂ ਬਾਅਦ ਆਖ਼ਿਰ ਇੰਨਾ ਸਨਾਟਾ ਕਿਉਂ ਛਾਇਆ ਹੋਇਆ ਹੈ।

By Gurpreet Singh

Leave a Reply

Your email address will not be published. Required fields are marked *