ਰਾਜੀਵ ਸ਼ਰਮਾ :- ਜਰਮਨੀ ਦੇ ਡੁਇਸਬਰਗ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਸੋਮਵਾਰ (20 ਅਪ੍ਰੈਲ) ਨੂੰ ਦੋ ਗਰੁੱਪਾਂ ਵਿਚਾਲੇ ਤਿੱਖੀ ਝੜਪ ਹੋ ਗਈ, ਜਿਸ ਕਾਰਨ ਗੁਰਦੁਆਰੇ ਦਾ ਮਾਹੌਲ ਤਣਾਭਰਿਆ ਹੋ ਗਿਆ। ਇਸ ਘਟਨਾ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰੇ ਦੇ ਗੋਲਕ ਦੇ ਪੈਸਿਆਂ ਅਤੇ ਪ੍ਰਬੰਧਕ ਕਮੇਟੀ ਦੇ ਹਿਸਾਬ-ਕਿਤਾਬ ਨੂੰ ਲੈ ਕੇ ਮੀਟਿੰਗ ਦੌਰਾਨ ਤਕਰਾਰ ਸ਼ੁਰੂ ਹੋਈ ਸੀ। ਇਹ ਤਕਰਾਰ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਬਦਲ ਗਈ। ਦੋਵੇਂ ਪੱਖਾਂ ਦੇ ਲੋਕ ਇਕ-ਦੂਜੇ ਨਾਲ ਧੱਕਾ ਮੁੱਕੀ ਅਤੇ ਮਾਰਕੁੱਟ ਕਰਦੇ ਨਜ਼ਰ ਆਏ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੀ ਲੜਾਈ ਕੀਤੀ ਅਤੇ ਪਾਲਕੀ ਸਾਹਿਬ ਉੱਪਰ ਵੀ ਡਿੱਗਦੇ ਹੋਏ ਨਜ਼ਰ ਆਏ। ਇਸ ਦੌਰਾਨ ਕਈ ਸਿੱਖਾਂ ਦੀਆਂ ਪਗੜੀਆਂ ਸਿਰ ਤੋਂ ਉਤਰ ਕੇ ਜ਼ਮੀਨ ‘ਤੇ ਡਿੱਗ ਗਈਆਂ, ਜਿਨ੍ਹਾਂ ਨੂੰ ਪੈਰਾਂ ਹੇਠਾਂ ਰੌਂਦਿਆ ਗਿਆ।
ਝੜਪ ਦੌਰਾਨ ਇੱਕ ਵਿਅਕਤੀ ਨੇ ਕਿਰਪਾਨ ਕੱਢ ਕੇ ਹਮਲਾ ਵੀ ਕੀਤਾ। ਕੁਝ ਲੋਕਾਂ ਵੱਲੋਂ ਗੁਰਦੁਆਰੇ ਤੋਂ ਬਾਹਰ ਖੜੀ ਸੰਗਤ ਉੱਤੇ ਫਾਇਰਿੰਗ ਅਤੇ ਅੱਖਾਂ ਵਿੱਚ ਸਪਰੇ ਕਰਨ ਦੇ ਵੀ ਦੋਸ਼ ਲਗੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਲਗਭਗ 15 ਮਿੰਟ ਤੱਕ ਚੱਲੀ। ਵੀਡੀਓ ਬਲਵਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਰਿਕਾਰਡ ਕਰਕੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ।
ਇਸ ਦੌਰਾਨ ਕੀਰਤਨ ਲਈ ਵਰਤੇ ਜਾਣ ਵਾਲੇ ਸਾਜ ਜਿਵੇਂ ਕਿ ਤਬਲਾ ਅਤੇ ਮਾਈਕ ਵੀ ਨੁਕਸਾਨੀ ਹੋ ਗਏ। ਕੁਝ ਬਜ਼ੁਰਗਾਂ ਅਤੇ ਸੇਵਾਦਾਰਾਂ ਨੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੁੱਸੇ ਵਿੱਚ ਆਏ ਲੋਕਾਂ ਨੇ ਕਿਸੇ ਦੀ ਨਾ ਸੁਣੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
