ਵਧੇ ਟੈਰਿਫ਼ਾਂ ਨੂੰ ਲੈਕੇ ਕੈਨੇਡਾ ਅਮਰੀਕਾ ਨਾਲ ਕਰ ਰਿਹੈ ‘ਗੰਭੀਰ ਚਰਚਾਵਾਂ’ – ਕਾਰਨੀ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਮਾਰਕ ਕਾਰਨੀ ਕਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ “ਗੰਭੀਰ ਚਰਚਾਵਾਂ” ਕਰ ਰਹੀ ਹੈ ਤਾਂ ਜੋ ਸਟੀਲ ਅਤੇ ਐਲੂਮੀਨਮ ‘ਤੇ ਵਧੇ ਹੋਏ ਟੈਰਿਫ਼ਾਂ ਨੂੰ ਹਟਾਇਆ ਜਾ ਸਕੇ। ਕਾਰਨੀ ਨੇ ਇਹਨਾਂ ਵਧੇ ਹੋਏ ਟੈਰਿਫ਼ਾਂ ਨੂੰ ਗ਼ੈਰ-ਵਾਜਬ ਅਤੇ ਗ਼ੈਰ-ਕਾਨੂੰਨੀ ਆਖਿਆ ਹੈ।

ਮੰਗਲਵਾਰ ਨੂੰ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਤਾਜ਼ਾ ਆਰਥਿਕ ਕਾਰਵਾਈ ਦੇ ਤਹਿਤ ਸਟੀਲ ਅਤੇ ਐਲੂਮੀਨਮ ‘ਤੇ ਲੱਗੇ ਟੈਰਿਫ਼ਾਂ ਨੂੰ 25% ਤੋਂ ਵਧਾ ਕੇ 50% ਕਰ ਦਿੱਤਾ।

ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ, ਕਾਰਨੀ ਨੇ ਦੁਹਰਾਇਆ ਕਿ ਦੋਹਾਂ ਦੇਸ਼ਾਂ ਵਿਚਕਾਰ ਇੱਕ ਨਵਾਂ ਆਰਥਿਕ ਅਤੇ ਸੁਰੱਖਿਆ ਸਮਝੌਤਾ ਤੈਅ ਕਰਨ ਲਈ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੇ ਦਫ਼ਤਰ ਨੇ ਪਹਿਲਾਂ ਇੱਕ ਲਿਖਤ ਬਿਆਨ ਵਿਚ ਵੀ ਇਹੋ ਕਿਹਾ ਸੀ।
ਕਾਰਨੀ ਨੇ ਬੁੱਧਵਾਰ ਨੂੰ ਆਪਣੇ ਕਾਕਸ ਦੀ ਮੀਟਿੰਗ ਵਿਚ ਜਾਣ ਲੱਗਿਆਂ ਕਿਹਾ, ਅਸੀਂ ਕੁਝ ਸਮਾਂ ਲਵਾਂਗੇ — ਬਹੁਤਾ ਨਹੀਂ — ਕੁਝ ਸਮਾਂ, ਕਿਉਂਕਿ ਅਸੀਂ ਅਮਰੀਕੀ ਸਰਕਾਰ ਨਾਲ ਵਪਾਰਕ ਰਿਸ਼ਤੇ ਬਾਰੇ ਇਸ ਵੇਲੇ ਗੰਭੀਰ ਚਰਚਾਵਾਂ ਕਰ ਰਹੇ ਹਾਂ।

ਅਮਰੀਕੀ ਰਾਸ਼ਟਰਪਤੀ ਨੇ ਦਲੀਲ ਦਿੱਤੀ ਕਿ ਟੈਰਿਫ਼ਾਂ ਨੂੰ ਦੁੱਗਣਾ ਕਰਨਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਉਦਯੋਗਾਂ ਦੀ ਰੱਖਿਆ ਲਈ ਲਾਜ਼ਮੀ ਹੈ।

ਕਾਰਨੀ ਨੇ ਜਵਾਬ ਦਿੰਦਿਆਂ ਕਿਹਾ, ਇਹ ਅਮਰੀਕੀ ਕਾਮਿਆਂ ਲਈ ਮਾੜੇ ਹਨ, ਅਮਰੀਕੀ ਉਦਯੋਗ ਲਈ ਵੀ ਮਾੜੇ ਹਨ ਅਤੇ, ਬੇਸ਼ੱਕ, ਕੈਨੇਡੀਅਨ ਉਦਯੋਗ ਲਈ ਵੀ ਮਾੜੇ ਹਨ।

ਮੰਗਲਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ, ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਅਮਰੀਕਾ ਤੋਂ ਆਉਂਦੇ $90 ਬਿਲੀਅਨ ਤੋਂ ਵੱਧ ਦੇ ਆਯਾਤ ‘ਤੇ ਕੈਨੇਡਾ ਵੱਲੋਂ ਲਾਏ ਗਏ ਜਵਾਬੀ ਟੈਰਿਫ਼ਾਂ ਰਾਹੀਂ ਇਕੱਠਾ ਹੋਣ ਵਾਲਾ ਪੈਸਾ (ਛੋਟ ਤੋਂ ਪਹਿਲਾਂ) ਉਨ੍ਹਾਂ ਕੈਨੇਡੀਅਨ ਵਰਕਰਾਂ ਅਤੇ ਕਾਰੋਬਾਰਾਂ ਦੀ ਮਦਦ ਲਈ ਵਰਤਿਆ ਜਾਵੇਗਾ ਜੋ ਅਮਰੀਕੀ ਟੈਰਿਫ਼ਾਂ ਕਰਕੇ ਪ੍ਰਭਾਵਿਤ ਹੋ ਰਹੇ ਹਨ।
ਕੈਨੇਡਾ ਦੇ ਸਟੀਲ ਅਤੇ ਐਲੂਮੀਨਮ ਉਦਯੋਗਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫ਼ਾਂ ਨੂੰ ਦੁੱਗਣਾ ਕਰਨਾ ਉਦਯੋਗ ਲਈ ਤਬਾਹਕੁੰਨ ਸਾਬਤ ਹੋਵੇਗਾ, ਜੋ ਪਹਿਲਾਂ ਹੀ ਨੌਕਰੀਆਂ ਦੀ ਘਾਟ ਅਤੇ ਅਮਰੀਕਾ ਵੱਲ ਨਿਰਯਾਤਾਂ ‘ਚ ਕਮੀ ਨਾਲ ਜੂਝ ਰਿਹਾ ਹੈ।

ਵਿੱਤ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਕਿਹਾ ਕਿ ਸਰਕਾਰ ਦੀ ਤਰਜੀਹ ਹੈ ਕਿ ਇਹ ਟੈਰਿਫ਼ ਰੋਕੇ ਜਾਣ।

ਉਨ੍ਹਾਂ ਕਿਹਾ, ਸਟੀਲ ਅਤੇ ਐਲੂਮੀਨਮ ਉਦਯੋਗ ਕੈਨੇਡਾ ਦੀ ਖ਼ੁਸ਼ਹਾਲੀ ਲਈ ਮਹੱਤਵਪੂਰਨ ਹੈ, ਅਤੇ ਅਸੀਂ ਇਸ ਦੀ ਰੱਖਿਆ ਲਈ ਪੂਰੀ ਤਾਕਤ ਨਾਲ ਖੜੇ ਹਾਂ।

ਜਵਾਬੀ ਟੈਰਿਫ਼ਾਂ ਦੀ ਮੰਗ
ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਫ਼ੈਡਰਲ ਸਰਕਾਰ ਨੂੰ ਵੀ ਅਮਰੀਕੀ ਸਟੀਲ ‘ਤੇ 25% ਹੋਰ ਟੈਰਿਫ਼ ਠੋਕ ਦੇਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਭਾਵੇਂ ਦੋਵੇਂ ਮੁਲਕ ਕਿਸੇ ਸਮਝੌਤੇ ਦੇ ਨਜ਼ਦੀਕ ਵੀ ਹੋਣ ਪਰ ਅਮਰੀਕੀ ਰਾਸ਼ਟਰਪਤੀ ਹਰ ਰੋਜ਼ ਕਿਸੇ ਨਾ ਕਿਸੇ ਅਨਿਸ਼ਚਿਤਤਾ ਨੂੰ ਵਧਾ ਦਿੰਦੇ ਹਨ, ਇਸ ਕਰਕੇ ਕੈਨੇਡਾ ਨੂੰ ਖ਼ਾਮੋਸ਼ ਨਹੀਂ ਬੈਠਣਾ ਚਾਹੀਦਾ ਅਤੇ ਅਮਰੀਕਾ ‘ਤੇ ਹੋਰ ਜਵਾਬੀ ਟੈਰਿਫ਼ ਲਗਾ ਦੇਣੇ ਚਾਹੀਦੇ ਹਨ।

ਕੈਨੇਡਾ ਦੀ ਅਮਰੀਕਾ ਵਿਚ ਰਾਜਦੂਤ, ਕਿਰਸਟਨ ਹਿਲਮੈਨ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਦੋਵੇਂ ਮੁਲਕ ਸਮਝੌਤੇ ਦੇ ਨਜ਼ਦੀਕ ਪਹੁੰਚ ਗਏ ਹਨ।

ਇੱਕ ਬਿਆਨ ਵਿਚ ਉਨ੍ਹਾਂ ਨੇ ਕਿਹਾ, ਇੱਕ ਚੰਗੀ ਚਰਚਾ ਹੋਈ, ਪਰ ਅਜੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਖੜੇ ਹਾਂ, ਜਦੋਂ ਤੱਕ ਕੈਨੇਡਾ ਨੂੰ ਸਹੀ ਡੀਲ ਨਹੀਂ ਮਿਲਦੀ।

ਕਾਰਨੀ ਨੇ ਬੁੱਧਵਾਰ ਨੂੰ ਕਿਸੇ ਜਵਾਬੀ ਟੈਰਿਫ਼ ਬਾਰੇ ਗੱਲ ਨਹੀਂ ਕੀਤੀ, ਬਸ ਇੰਨਾ ਕਿਹਾ ਕਿ ਗੰਭੀਰ ਵਿਚਾਰ-ਵਟਾਂਦਰੇ ਜਾਰੀ ਹਨ।

ਕਾਰਨੀ ਅਤੇ ਟਰੰਪ ਇਸੇ ਮਹੀਨੇ ਐਲਬਰਟਾ ਦੇ ਕੈਨਾਨੈਸਕਿਸ ਵਿਚ ਆਯੋਜਿਤ ਹੋ ਰਹੇ ਜੀ-7 ਸੰਮੇਲਨ ਦੌਰਾਨ ਮੁਲਾਕਾਤ ਕਰਨਗੇ।

By Rajeev Sharma

Leave a Reply

Your email address will not be published. Required fields are marked *